ਭਿਵਾਨੀ: ਅਧਿਆਪਕ, ਪਤਨੀ ਤੇ ਧੀ ਦੀ ਭੇਤਭਰੀ ਹਾਲਤ ਵਿੱਚ ਮੌਤ
ਪੱਤਰ ਪ੍ਰੇਰਕ ਟੋਹਾਣਾ, 27 ਜਨਵਰੀ ਭਿਵਾਨੀ ਦੀ ਨਵੀਂ ਬਸਤੀ ਵਿੱਚ ਰਹਿੰਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਜਤਿੰਦਰ ਕੁਮਾਰ (35), ਉਸ ਦੀ ਪਤਨੀ ਸ਼ੀਲਾ (32) ਤੇ ਧੀ ਹਿਮਾਨੀ (5) ਦੀ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ। ਉਕਤ ਪਰਿਵਾਰ ਦੇ ਘਰ ਵਿੱਚ ਕੋਈ ਹਲਚਲ ਨਾ ਹੋਣ 'ਤੇ ਅੱਜ ਸਵੇਰੇ ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ। ਇਸ ਸਬੰਧੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲੀਸ ਪਾਰਟੀ ਕਿਸੇ ਤਰ੍ਹਾਂ ਘਰ ਅੰਦਰ ਦਾਖਲ ਹੋਈ ਤਾਂ ਇਕ ਕਮਰੇ ਵਿੱਚ ਜਤਿੰਦਰ ਕੁਮਾਰ, ਉਸ ਦੀ ਪਤਨੀ ਤੇ ਧੀ ਦੀਆਂ ਲਾਸ਼ਾਂ ਪਈਆਂ ਸਨ। ਭਿਵਾਨੀ ਦੇ ਐੱਸ.ਪੀ. ਅਜੈ ਸ਼ੇਖਾਵਤ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ 'ਤੇ ਜਾਂਚ ਲਈ ਐੱਸ.ਐੱਫ.ਐੱਲ. ਤੇ ਸੀਆਈਏ ਸਟਾਫ ਦੀਆਂ ਟੀਮਾਂ ਵੀ ਪਹੁੰਚੀਆਂ। ਇਨ੍ਹਾਂ ਜਾਂਚ ਟੀਮਾਂ ਵੱਲੋਂ ਮ੍ਰਿਤਕਾਂ ਦੇ ਮੋਬਾਈਲ ਫੋਨਾਂ ਦੀਆਂ ਕਾਲ ਡਿਟੇਲਾਂ ਤੋਂ ਇਲਾਵਾ ਹੋਰ ਸੁਰਾਗ ਇਕੱਠੇ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਜਤਿੰਦਰ ਜੇਬੀਟੀ ਅਧਿਆਪਕ ਵਜੋਂ ਭਿਵਾਨੀ ਦੇ ਗਵਾਰ ਫੈਕਟਰੀ ਨਾਲ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸੀ। ਅਧਿਆਪਕ ਜਤਿੰਦਰ ਕੁਮਾਰ, ਉਸ ਦੀ ਪਤਨੀ ਸ਼ੀਲਾ ਤੇ ਧੀ ਹਿਮਾਨੀ ਦੀ ਮੌਤ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਐੱਸ.ਪੀ. ਨੇ ਦੱਸਿਆ ਕਿ ਕਮਰੇ ਵਿੱਚੋਂ ਨਾ ਤਾਂ ਕੋਈ ਖ਼ੁਦਕੁਸ਼ੀ ਨੋਟ ਮਿਲਿਆ ਹੈ ਤੇ ਨਾ ਹੀ ਕੋਈ ਇਤਰਾਜਯੋਗ਼ ਵਸਤੂ ਮਿਲੀ ਹੈ। ਪੁਲੀਸ ਨੇ ਸਮੂਹਿਕ ਆਤਮ-ਹੱਤਿਆ ਜਾਂ ਕਤਲ ਵਰਗੇ ਇਸ ਅਪਰਾਧ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੈ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੇ ਮਾਹਿਰਾਂ ਦੀਆਂ ਰਿਪੋਰਟਾਂ ਤੋਂ ਇਲਾਵਾ ਪਰਿਵਾਰ ਦੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਖੰਘਾਲੀ ਜਾ ਰਹੀ ਹੈ ਤੇ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਪੁਲੀਸ ਨੇ ਤਿੰਨ ਮੌਤਾਂ ਦੇ ਸਬੰਧ ਵਿੱਚ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰ
ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। ਇਸ ਕਿਰਤ ਦੇ ਲੇਖਕਾਂ ਦੀ ਬਾਰੀਕ ਔਰ ਲਗਨ ਵਾਲੀ ਮਿਹਨਤ ਨੇ ਇਸ ਕਿਤਾਬ ਨੂੰ ਸਟੀਕ ਦਸਤਾਵੇਜ਼ ਵਜੋਂ ਦਰਜ ਕਰਵਾ ਦਿੱਤਾ ਹੈ। ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰ appeared first on Sikh Siyasat News .
ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਅਤੇ ਅਭਿਨੇਤਾ ਸਤਿਆਦੀਪ ਮਿਸ਼ਰਾ ਵਿਆਹ ਬੰਧਨ ’ਚ ਬੱਝੇ
ਮੁੰਬਈ, 27 ਜਨਵਰੀ ਫੈਸ਼ਨ ਡਿਜ਼ਾਈਨਰ ਮਸਾਬਾ ਗੁਪਤਾ ਅਤੇ ਅਭਿਨੇਤਾ ਸਤਿਆਦੀਪ ਮਿਸ਼ਰਾ ਵਿਆਹ ਬੰਧਨ ਵਿੱਚ ਬੱਝ ਗਏ ਹਨ। ਜੋੜੇ ਨੇ ਅੱਜ ਇਸ ਦਾ ਐਲਾਨ ਕੀਤਾ। 33 ਸਾਲਾ ਫੈਸ਼ਨ ਡਿਜ਼ਾਈਨਰ-ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ 'ਤੇ ਖ਼ਬਰ ਸਾਂਝੀ ਕੀਤੀ ਅਤੇ ਮਿਸ਼ਰਾ ਨਾਲ ਫੋਟੋਆਂ ਪੋਸਟ ਕੀਤੀਆਂ, ਜਿਸ ਨੇ ਨੋ ਵਨ ਕਿਲਡ ਜੈਸਿਕਾ ਅਤੇ ਬੰਬੇ ਵੈਲਵੇਟ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਮਸਾਬਾ ਗੁਪਤਾ ਦਾ ਪਹਿਲਾਂ ਨਿਰਮਾਤਾ ਮਧੂ ਨਾਲ ਵਿਆਹ ਹੋਇਆ ਸੀ। ਜੋੜੇ ਨੇ ਜੂਨ 2015 ਵਿੱਚ ਵਿਆਹ ਕਰਵਾ ਲਿਆ ਅਤੇ 2019 ਵਿੱਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ। ਮਿਸ਼ਰਾ ਦਾ ਪਹਿਲਾਂ ਅਦਿਤੀ ਰਾਓ ਹੈਦਰੀ ਨਾਲ ਵਿਆਹ ਹੋਇਆ ਸੀ।ਮਸਾਬਾ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਵਿਵਿਅਨ ਰਿਚਰਡਸ ਅਤੇ ਅਦਾਕਾਰਾ ਨੀਨਾ ਗੁਪਤਾ ਦੀ ਧੀ ਹੈ।
ਫਗਵਾੜਾ ’ਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦੁਕਾਨਦਾਰ ਨੂੰ ਗੋਲੀ ਮਾਰੀ
ਫਗਵਾੜਾ, 27 ਜਨਵਰੀ ਇਥੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬੀਤੀ ਰਾਤ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ। ਐੱਸਐੱਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਸੰਜੇ ਸਚਦੇਵਾ (34) ਅਣਖੀ ਨਗਰ ਵਿੱਚ ਆਪਣੀ ਦੁਕਾਨ ਬੰਦ ਕਰ ਰਿਹਾ ਸੀ। ਜਦੋਂ ਉਸ ਨੂੰ ਗੋਲੀ ਮਾਰੀ ਗਈ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਸ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਉਸ ਦੀ ਹਾਲਤ ਨਾਜ਼ੁਕ ਹੈ। ਇਹ ਪਤਾ ਨਹੀਂ ਲੱਗਿਆ ਕਿ ਇਸ ਘਟਨਾ ਪਿੱਛੇ ਕੋਈ ਪੁਰਾਣੀ ਦੁਸ਼ਮਣੀ ਸੀ ਜਾਂ ਬਾਈਕ ਸਵਾਰ ਲੁੱਟਣ ਦੇ ਇਰਾਦੇ ਨਾਲ ਆਏ ਸਨ।
ਅਮਰੀਕਾ: ਆਰਐੱਨਸੀ ਦੀ ਚੇਅਰਪਰਸਨ ਦੇ ਅਹੁਦੇ ਲਈ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਨੇ ਸਮਰਥਨ ਦਿੱਤਾ
ਵਾਸ਼ਿੰਗਟਨ, 27 ਜਨਵਰੀ ਭਾਰਤੀ-ਅਮਰੀਕੀ ਆਗੂ ਹਰਮੀਤ ਢਿੱਲੋਂ ਨੂੰ ਫਲੋਰੀਡਾ ਦੇ ਗਵਰਨਰ ਰੌਨ ਡੇਸੈਂਟਿਸ ਨੇ ਰਿਪਬਲਿਕਨ ਨੈਸ਼ਨਲ ਕਮੇਟੀ (ਆਰਐੱਨਸੀ) ਦੀ ਚੇਅਰਪਰਸਨ ਦੇ ਅਹੁਦੇ ਲਈ ਸਮਰਥਨ ਦਿੱਤਾ ਹੈ। ਡੇਸੈਂਟਿਸ ਅਗਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਨਾਮਜ਼ਦਗੀ ਲਈ ਦਾਅਵੇਦਾਰਾਂ ਵਿੱਚੋਂ ਇੱਕ ਹਨ। ਸ੍ਰੀਮਤੀ ਢਿੱਲੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਮੁਹਿੰਮ ਦੀ ਸਾਬਕਾ ਸਲਾਹਕਾਰ ਹੈ, ਉਨ੍ਹਾਂ ਦੀ ਟੱਕਰ ਚੇਅਰਪਰਸਨ ਰੋਨਾ ਮੈਕਡੈਨੀਅਲ ਹੈ।
ਮੀਂਹ ਕਾਰਨ ਖਸਤਾ ਹਾਲ ਲਿੰਕ ਸੜਕਾਂ ਨੇ ਛੱਪੜ ਦਾ ਰੂਪ ਧਾਰਿਆ
ਪੱਤਰ ਪ੍ਰੇਰਕ ਗੜ੍ਹਸ਼ੰਕਰ, 25 ਜਨਵਰੀ ਲੰਘੀ ਰਾਤ ਤੋਂ ਸਥਾਨਕ ਹਲਕੇ ਵਿਚ ਪੈ ਰਹੀ ਲਗਾਤਾਰ ਭਰਵੀਂ ਬਾਰਸ਼ ਨਾਲ ਜਿੱਥੇ ਕਣਕ ਦੇ ਕਾਸ਼ਤਕਾਰਾਂ ਦੇ ਚਿਹਰੇ ਖਿੜ ਗਏ ਹਨ ਉੱਥੇ ਹੀ ਇਲਾਕੇ ਦੀਆਂ ਅਨੇਕਾਂ ਖਸਤਾ ਹਾਲ ਲਿੰਕ ਸੜਕਾਂ ਮੀਂਹ ਦੇ ਪਾਣੀ ਨਾਲ ਛੱਪੜਾਂ ਦਾ ਰੂਪ ਧਾਰਨ ਕਰ ਗਈਆਂ ਹਨ ਜਿਸ ਕਰਕੇ ਇਲਾਕੇ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਤੇ ਰਹੇ ਕਿ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਮੁੱਖ ਸੜਕ ਇਸ ਮੀਂਹ ਨਾਲ ਲੋਕਾਂ ਦੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਇਸ ਸੜਕ ਦੇ ਨਵੀਨੀਕਰਨ ਸਬੰਧੀ ਬੇਸ਼ੱਕ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਅਨੇਕਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਸੜਕ ਦੇ ਨਿਰਮਾਣ ਸਬੰਧੀ ਕੋਈ ਕਾਰਵਾਈ ਨਾ ਹੋਣ ਕਰਕੇ ਇਲਾਕੇ ਦੇ ਕਰੀਬ ਪੰਜਾਹ ਪਿੰਡਾਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ। ਮੀਂਹ ਨਾਲ ਸੜਕ ਦੇ ਖੱਡੇ ਪਾਣੀ ਨਾਲ ਭਰ ਗਏ। ਇਲਾਕੇ ਦੀਆਂ ਖਸਤਾ ਹਾਲ ਲਿੰਕ ਸੜਕਾਂ ਵਿੱਚ ਪਿਛਲੇ ਬਾਰਾਂ ਸਾਲ ਤੋਂ ਸਤਨੌਰ ਤੋਂ ਰਾਮ ਪੁਰ ਬਿਲੜੋਂ ਜਾਣ ਵਾਲੀ ਸੜਕ ਵੀ ਇਸ ਮੀਂਹ ਨਾਲ ਛੱਪੜ ਦਾ ਰੂਪ ਧਾਰ ਗਈ। ਅਜਿਹੀ ਸਥਿਤੀ ਪਿੰਡ ਦਦਿਆਲ ਤੋਂ ਪੱਖੋਵਾਲ, ਬੀਹੜਾਂ, ਕੁੱਕੜਾਂ ਪਿੰਡਾਂ ਵਿੱਚੋਂ ਹੋ ਕੇ ਜੇਜੋਂ ਜਾਣ ਵਾਲੀ ਸੜਕ ਦੀ ਹੈ ਜਿੱਥੇ ਸੜਕ ਦੇ ਦੋਵੇਂ ਪਾਸੇ ਦੇ ਬਰਮ ਬੁਰੀ ਤਰ੍ਹਾਂ ਟੁੱਟੇ ਹੋਏ ਹਨ ਤੇ ਇਸ ਮੀਂਹ ਨਾਲ ਸੜਕ ਦੀ ਹਾਲਤ ਹੋਰ ਖਰਾਬ ਹੋ ਗਈ। ਇਨ੍ਹਾਂ ਤੋਂ ਇਲਾਵਾ ਹੋਰ ਲਿੰਕ ਸੜਕਾਂ ਵਿਚ ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ, ਬਡੇਸਰੋਂ ਤੋਂ ਜੀਵਨਪੁਰ, ਸੈਲਾ ਤੋਂ ਪੈਂਸਰਾ, ਸਤਨੌਰ ਤੋਂ ਪਦਰਾਣਾ ਅਤੇ ਕਿੱਤਨਾ ਵੱਲ ਜਾਂਦੀਆਂ ਲਿੰਕ ਸੜਕਾਂ ਵੀ ਭਰਵੀਂ ਬਾਰਿਸ਼ ਨਾਲ ਚਿੱਕੜ ਦਾ ਰੂਪ ਧਾਰਨ ਕਰ ਗਈਆਂ। ਇਸ ਬਾਰੇ ਐੱਸਡੀਓ ਬਲਿੰਦਰ ਕੁਮਾਰ ਨੇ ਕਿਹਾ ਕਿ ਨੰਗਲ -ਗੜ੍ਹਸ਼ੰਕਰ ਸੜਕ ਦਾ ਟੈਂਡਰ ਲੱਗ ਚੁੱਕਾ ਹੈ ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਖਸਤਾ ਹਾਲ ਸੜਕਾਂ ਦਾ ਵੀ ਨਵੀਨੀਕਰਣ ਕੀਤਾ ਜਾਵੇਗਾ।
ਗਊਆਂ ਦੇ ਮਾਮਲੇ ਨੇ ਧਾਰਿਆ ਨਵਾਂ ਰੂਪ
ਇਕਬਾਲ ਸਿੰਘ ਸ਼ਾਂਤ ਡੱਬਵਾਲੀ, 25 ਜਨਵਰੀ ਇੱਥੇ ਬੀਤੀ 19 ਜਨਵਰੀ ਨੂੰ ਹੁੱਡਾ ਸੈਕਟਰ ਨੇੜੇ ਗਊਆਂ ਦੇ ਕੰਕਾਲ ਮਿਲਣ ਅਤੇ ਜਖ਼ਮੀ ਹਾਲਤ ਗਊ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲੀਸ ਪੜਤਾਲ ਵਿੱਚ ਪਸ਼ੂਆਂ ਦੇ 34 ਕੰਕਾਲਾਂ ਦੀ ਨੰਦੀਸ਼ਾਲਾ ਅਤੇ ਗਊਸ਼ਾਲਾਂ ਆਦਿ ਵੱਲੋਂ ਉਨ੍ਹਾਂ ਦੇ ਮ੍ਰਿਤਕ ਪਸ਼ੂਆਂ ਵਜੋਂ ਪੁਸ਼ਟੀ ਹੋਣ ਮਗਰੋਂ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਇਸੇ ਵਿਚਕਾਰ ਅੱਜ ਮਾਮਲੇ 'ਚ ਨਾਮਜ਼ਦ ਪਿੰਡ ਡੱਬਵਾਲੀ ਦੇ 6 ਜਣਿਆਂ ਨੂੰ ਸ਼ਾਮਲ ਤਫਤੀਸ਼ ਹੋਣ ਲਈ ਬੁਲਾਉਣ ਦੇ ਖਿਲਾਫ਼ ਪਿੰਡ ਡੱਬਵਾਲੀ ਅਤੇ ਲੁਹਾਰਾ ਸਮੇਤ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਥਾਣੇ ਦੇ ਮੂਹਰੇ ਧਰਨਾ ਲਾਇਆ। ਇਸ ਨਾਲ ਦਿਨ ਭਰ ਸ਼ਹਿਰ ਅੰਦਰ ਡੱਬਵਾਲੀ-ਬੀਕਾਨੇਰ ਜਰਨੈਲੀ ਸੜਕ 'ਤੇ ਆਵਾਜਾਈ ਠੱਪ ਰਹੀ। ਸ਼ਿਵਚਰਨ ਸਿੰਘ, ਰਾਕੇਸ਼ ਫਾਗੋੜੀਆ ਅਤੇ ਗੁਰਸੇਵਕ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਸਿਰਫ਼ ਜ਼ਮੀਨ ਹੱਡਾ ਰੋੜੀ ਲਈ ਠੇਕੇ 'ਤੇ ਦਿੱਤੀ ਸੀ। ਇਹ ਸਮੁੱਚਾ ਮਾਮਲਾ ਗਿਣ-ਮਿੱਥੀ ਸਾਜਿਸ਼ ਹੇਠਾਂ ਅੰਜਾਮ ਦਿੱਤਾ ਗਿਆ ਹੈ। ਸਿਟੀ ਥਾਣੇ ਵਿੱਚ ਡੀਐੱਸਪੀ ਕੁਲਦੀਪ ਸਿੰਘ ਦੀ ਅਗਵਾਈ ਹੇਠ ਘੰਟਿਆਂਬੱਧੀ ਮੀਟਿੰਗਾਂ ਉਪਰੰਤ ਕਿਸਾਨਾਂ ਤੇ ਗਊ ਰੱਖਿਅਕਾਂ ਵਿੱਚ ਸਹਿਮਤੀ ਬਣੀ ਕਿ ਦੋਵੇਂ ਪਾਸਿਓਂ ਦੋ-ਦੋ ਜਣੇ ਪੜਤਾਲ ਟੀਮ ਦੇ ਰਾਬਤੇ ਵਿੱਚ ਰਹਿਣਗੇ ਅਤੇ ਨਾਮਜ਼ਦ ਵਿਅਕਤੀਆਂ ਨੂੰ ਦੋ-ਦੋ ਕਰਕੇ ਦਫ਼ਤਰੀ ਨੋਟਿਸ ਜਾਰੀ ਕਰਕੇ ਪੜਤਾਲ ਵਿੱਚ ਸ਼ਾਮਲ ਹੋਣ ਲਈ ਸੱਦਿਆ ਜਾਵੇਗਾ। ਗਊਸ਼ਾਲਾਂ ਅਤੇ ਨੰਦੀਸ਼ਾਲਾ ਨੇ ਮੰਨਿਆ ਹੈ ਕਿ ਹੱਡਾ ਰੋੜੀ ਵਿੱਚ ਉਨ੍ਹਾਂ ਦੇ ਮ੍ਰਿਤਕ ਪਸ਼ੂਆਂ ਦੇ ਕੰਕਾਲ ਹਨ। ਹਾਲ ਦੀ ਘੜੀ ਕਿਸਾਨਾਂ ਨੇ ਗਣਤੰਤਰ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਸੰਘਰਸ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਘਟਨਾ ਵਿੱਚ ਰਾਜਾ ਸਿੰਘ ਵਾਸੀ ਲੁਹਾਰਾ ਅਤੇ ਪਿੰਡ ਡੱਬਵਾਲੀ ਦੇ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਗੁਰਦੀਪ ਸਿੰਘ ਭੱਟੀ ਟੋਹਾਣਾ, 25 ਜਨਵਰੀ ਰੋਹਤਕ ਸ਼ਹਿਰ ਦੇ ਬਾਰਸੀ ਨਗਰ ਵਿੱਚ ਇੱਕ ਘਰ ਵਿੱਚੋਂ ਅੱਜ ਸਵੇਰੇ ਡਾਕਟਰ ਤੇ ਉਸ ਦੇ ਪਰਿਵਾਰ ਦੇ ਤਿੰਨ ਜੀਆਂ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲਣ ਮਗਰੋਂ ਮੁਹੱਲੇ ਵਿੱਚ ਦਹਿਸ਼ਤ ਹੈ। ਸੂਚਨਾ ਮਿਲਣ ਮਗਰੋਂ ਡੀਐੱਸਪੀ ਰਵਿੰਦਰ ਕੁਮਾਰ ਪੁਲੀਸ ਮਾਹਿਰਾਂ ਦੀ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਕਮਰੇ ਵਿੱਚੋਂ ਖੁਦਕੁਸ਼ੀ ਨੋਟ, ਸ਼ਰਾਬ ਦੀ ਬੋਤਲ ਤੇ ਨੀਂਦ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਵਿੱਚ ਡਾਕਟਰ ਵਿਨੋਦ, ਉਸਦੀ ਪਤਨੀ ਸੋਨੀਆ ਤੋਂ ਇਲਾਵਾ ਪੁੱਤਰ ਤੇ ਧੀ ਸ਼ਾਮਲ ਹਨ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡਾ. ਵਿਨੋਦ ਰੋਹਤਕ ਦੇ ਇਸ ਮੁਹੱਲੇ ਵਿੱਚ ਕਲੀਨਿਕ ਚਲਾਉਂਦਾ ਸੀ ਤੇ ਉਸ ਦੀ ਪਤਨੀ ਅਧਿਆਪਕ ਸੀ। ਡੀਐਸਪੀ ਨੇ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਡਾਕਟਰ ਨੇ ਪਤਨੀ ਤੇ ਦੋਵਾਂ ਬੱਚਿਆਂ ਨੂੰ ਨੀਂਦ ਦੀਆਂ ਗੋਲੀਆਂ ਦੇਣ ਮਗਰੋਂ ਤਿੰਨਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ’ਚ ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ
ਨਿੱਜੀ ਪੱਤਰ ਪ੍ਰੇਰਕ ਜਲੰਧਰ, 25 ਜਨਵਰੀ ਸਥਾਨਕ ਗੁਰੂ ਗੋਬਿੰਦ ਸਟੇਡੀਅਮ ਵਿੱਚ ਹੋਣ ਵਾਲੇ 74ਵੇਂ ਗਣਤੰਤਰ ਦਿਵਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇੱਥੇ ਮਨਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਿਰੰਗਾ ਝੰਡਾ ਲਹਿਰਾਉਣਗੇ। ਸ਼ਹਿਰ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਫਲੈਗ ਮਾਰਚ ਵੀ ਕੀਤਾ ਗਿਆ। ਬੱਸ ਅੱਡਾ, ਰੇਲਵੇ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ 'ਤੇ ਪੁਲੀਸ ਕਈ ਦਿਨਾਂ ਤੋਂ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸਾਰੇ ਥਾਣਿਆਂ ਦੀ ਪੁਲੀਸ ਨੂੰ ਸੁਰੱਖਿਆ ਪ੍ਰਬੰਧਾਂ ਵਿੱਚ ਲਾਇਆ ਗਿਆ। ਸਟੇਡੀਅਮ ਅਤੇ ਆਲੇ-ਦੁਆਲੇ ਦੇ ਇਲਾਕਿਆਂ `ਤੇ ਨਜ਼ਰ ਰੱਖਣ ਲਈ 1500 ਤੋਂ ਵੱਧ ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏਡੀਜੀਪੀ ਅਰਪਿਤ ਸ਼ੁਕਲਾ ਦੀ ਪ੍ਰਧਾਨਗੀ ਹੇਠ ਸਟੇਡੀਅਮ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਪੁਲੀਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿੱਚ ਪੁਲੀਸ ਕਮਿਸ਼ਨਰ ਜਲੰਧਰ, ਐੱਸ.ਐਸ.ਪੀ, ਦਿਹਾਤੀ, ਡਿਪਟੀ ਕਮਿਸ਼ਨਰ ਪੁਲੀਸ (ਸਥਾਨਿਕ) ਡਿਪਟੀ ਕਮਿਸ਼ਨਰ ਪੁਲੀਸ (ਲਾਅ ਐਂਡ ਆਰਡਰ) ਡਿਪਟੀ ਕਮਿਸ਼ਨਰ (ਜਾਂਚ) ਅਤੇ ਡਿਪਟੀ ਕਮਿਸ਼ਨਰ ਪੁਲੀਸ (ਸਿਟੀ) ਸਮੇਤ ਹੋਰ ਬਹੁਤ ਸਾਰੇ ਅਫਸਰ ਹਾਜ਼ਰ ਸਨ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਗਿਆ ਕਿ ਗਣਤੰਤਰ ਦਿਵਸ ਦੇ ਸਬੰਧ ਵਿੱਚ ਜਲੰਧਰ ਸ਼ਹਿਰ ਵਿੱਚ ਨਾਕਾਬੰਦੀ, ਨਾਈਟ ਡੋਮੀਨੇਸ਼ਨ, ਸਰਚ ਅਤੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਗਣਤੰਤਰ ਦਿਵਸ ਦੇ ਸਬੰਧ ਵਿੱਚ ਕਮਿਸ਼ਨਰੇਟ ਵੱਲੋਂ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਟੇਡੀਅਮ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਸਕੂਲਾਂ ਦੇ ਬੱਚੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਕਈ ਦਿਨਾਂ ਤੋਂ 26 ਜਨਵਰੀ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸਨ। ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੋਣ ਵਾਲੇ ਸਮਾਗਮ ਸਮੇਂ ਸੁਰਖਿਆ ਨੂੰ ਧਿਆਨ ਵਿਚ ਰੱਖਦਿਆ ਸਮਾਗਮ ਸਥਾਨ ਨੇੜੇ ਡਰੋਨ ਕੈਮਰਾ ਉਡਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਭਲਕੇ ਹੋਣ ਵਾਲੇ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸ਼ਾਮ ਇਥੇ ਪਹੁੰਚ ਗਏ ਹਨ। ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕਾ ਮੈਡਮ ਜੀਵਨਜੋਤ ਕੌਰ, ਪੁਲੀਸ ਕਮਿਸ਼ਨਰ ਜਸਕਰਨ ਸਿੰਘ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲੀਸ, ਪਰਮਿੰਦਰ ਸਿੰਘ ਭੰਡਾਲ ਨੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਉਣ ਦੇ ਸਮਾਗਮ ਦੇ ਮੱਦੇਨਜ਼ਰ ਗੁਰੂ ਨਾਨਕ ਸਟੇਡੀਅਮ ਗਾਂਧੀ ਗਰਾਊਂਡ ਦੇ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਰੋਨ ਕੈਮਰਾ ਉਡਾਉਣ 'ਤੇ ਪਾਬੰਦੀ ਲਗਾਈ ਹੈ। ਇਹ ਹੁਕਮ 27 ਜਨਵਰੀ ਤੱਕ ਲਾਗੂ ਰਹੇਗਾ। ਪੁਲੀਸ ਨੇ ਵਿਸ਼ੇਸ਼ ਨਾਕੇ ਲਗਾਏ ਸ਼ਾਹਕੋਟ (ਪੱਤਰ ਪ੍ਰੇਰਕ): ਗਣਤੰਤਰ ਦਿਵਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਾਹਕੋਟ ਪੁਲੀਸ ਨੇ ਚੌਕਸੀ ਵਧਾਉਂਦਿਆਂ ਇਲਾਕੇ ਵਿਚ ਵਿਸ਼ੇਸ਼ ਨਾਕੇ ਲਗਾ ਕੇ ਦੋ ਅਤੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ। ਐਸ.ਐਚ.ਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਵਿਸ਼ੇਸ਼ ਨਾਕਿਆਂ 'ਤੇ ਉਨ੍ਹਾਂ ਨੇ ਹਰ ਵਹੀਕਲ ਦੀ ਚੈਕਿੰਗ ਕੀਤੀ। ਰ ਰਹੇ ਹਨ। ਹਰ ਸ਼ੱਕੀ ਵਿਅਕਤੀ ਉੱਪਰ ਨਜ਼ਰ ਰੱਖਣ ਲਈ ਉਨ੍ਹਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਸਥਾਨਾਂ ਤੇ ਵਿਸ਼ੇਸ਼ ਚੌਕਸੀ ਵਧਾਈ ਹੈ। ਇਲਾਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ, ਅਪਰਾਧੀਆਂ ਤੇ ਨਸ਼ਾ ਤਸਕਰਾਂ ਉੱਪਰ ਸ਼ਿਕੰਜਾ ਕੱਸਣ ਲਈ ਇਲਾਕੇ ਵਿਚ ਦਿਨ/ਰਾਤ ਦੀ ਗਸ਼ਤ ਵੀ ਤੇਜ਼ ਕੀਤੀ ਗਈ ਹੈ।
ਬਾਬਾ ਜੋਗੀਪੀਰ ਘਨੌਰੀ ਕਲਾਂ ਦੇ ਪਾਰਕ ਦਾ ਉਦਘਾਟਨ
ਪੱਤਰ ਪ੍ਰੇਰਕ ਸ਼ੇਰਪੁਰ, 25 ਜਨਵਰੀ 'ਚਹਿਲ' ਗੋਤੀਆਂ ਦੇ ਪ੍ਰਮੁੱਖ ਧਾਰਮਿਕ ਸਥਾਨ ਬਾਬਾ ਜੋਗੀਪੀਰ ਘਨੌਰੀ ਕਲਾਂ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਗਰੀਨ ਪਾਰਕ ਦਾ ਰਿਬਨ ਕੱਟ ਕੇ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਚੇਚੇ ਤੌਰ 'ਤੇ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ, 'ਆਪ' ਦੇ ਸੂਬਾਈ ਆਗੂ ਪਰਮਿੰਦਰ ਸਿੰਘ ਪੁੰਨੂੰ ਕਾਤਰੋਂ, ਬਲਾਕ ਆਗੂ ਜਸਵੀਰ ਸਿੰਘ ਘਨੌਰੀ, ਮੁੱਖ ਮੰਤਰੀ ਦੇ ਧੂਰੀ ਦਫ਼ਤਰ ਤੋਂ ਹਰਪ੍ਰੀਤ ਸਿੰਘ ਗਿੱਲ ਅਤੇ ਪ੍ਰੀਤ ਧੂਰੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਯੋਜ਼ਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਹੁਣ ਪਿੰਡਾਂ ਦੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ 'ਮਾਸਟਰ ਪਲਾਨ' ਤਿਆਰ ਕਰ ਕੇ ਕਾਹਲੇ ਕਦਮੀ ਅੱਗੇ ਤੋਰਿਆ ਜਾਵੇਗਾ। ਪ੍ਰੋਗਰਾਮ ਦੀ ਪ੍ਰਬੰਧਕੀ ਟੀਮ ਦੇ ਮੋਹਰੀ ਆਗੂ ਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਕੇਵਲ ਸਿੰਘ ਘਨੌਰੀ ਨੇ ਬਾਬਾ ਜੋਗੀਪੀਰ ਦੇ ਸਥਾਨ 'ਤੇ ਲਗਾਏ ਜੰਗਲ ਅੰਦਰਲੇ ਮੋਰਾਂ ਦਾ ਹਵਾਲਾ ਦਿੰਦਿਆਂ ਮੰਗ ਕੀਤੀ ਕਿ ਜਾਨਵਰਾਂ ਨੂੰ ਬਚਾਉਣ ਲਈ ਆਲੇ-ਦੁਆਲੇ ਦੀ ਜਾਲ ਲਗਾਇਆ ਜਾਵੇ। ਬਾਬਾ ਜੋਗੀਪੀਰ ਕਮੇਟੀ ਦੇ ਪ੍ਰਧਾਨ ਬਚਿੱਤਰ ਸਿੰਘ, ਗੁਰਲਾਲ ਸਿੰਘ, ਆਮ ਆਦਮੀ ਪਾਰਟੀ ਦੇ ਮੋਹਰੀ ਆਗੂ ਗੁਰਮੇਲ ਸਿੰਘ ਘਨੌਰੀ, ਮਾਸਟਰ ਕੁਲਵੰਤ ਸਿੰਘ, ਮੁਸਲਿਮ ਵਿੰਗ ਦੇ ਆਗੂ ਅਮਨ ਖਾਨ, ਲਖਵੀਰ ਸਿੰਘ ਘਨੌਰੀ, ਬਲਾਕ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ, ਕਿਸਾਨ ਆਗੂ ਜਸਵਿੰਦਰ ਸਿੰਘ ਘਨੌਰ ਹਾਜ਼ਰ ਸਨ।
ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ/ਸ਼ਸ਼ੀ ਪਾਲ ਜੈਨ ਐਸ.ਏ.ਐਸ. ਨਗਰ (ਮੁਹਾਲੀ)/ਖਰੜ, 25 ਜਨਵਰੀ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਕੌਮਾਂਤਰੀ ਮਨੁੱਖੀ ਤਸਕਰੀ ਦੇ ਮਾਮਲੇ 'ਚ ਦੋ ਔਰਤਾਂ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 2 ਕਰੋੜ 13 ਲੱਖ ਰੁਪਏ ਦੀ ਨਗਦੀ ਅਤੇ ਕਰੀਬ 64 ਤੋਲੇ ਸੋਨਾ ਅਤੇ ਚਾਰ ਲਗਜ਼ਰੀ ਗੱਡੀਆਂ (ਸਵਿਫ਼ਟ, ਫੀਗੋ, ਤਾਈਗੁਨ ਅਤੇ ਥਾਰ) ਵੀ ਬਰਾਮਦ ਕੀਤੀਆਂ ਹਨ। ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਅੱਜ ਇੱਥੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਬਲਦੀਸ਼ ਕੌਰ ਵਾਸੀ ਪਿੰਡ ਰਾਊਵਾਲੀ (ਜਲੰਧਰ), ਗੁਰਜੀਤ ਸਿੰਘ ਉਰਫ਼ ਮੰਗਾ ਵਾਸੀ ਪਿੰਡ ਮੱਲੀਆਂ (ਜਲੰਧਰ), ਸਾਹਿਲ ਭੱਟੀ, ਸੋਮ ਰਾਜ ਅਤੇ ਵੀਨਾ ਸਾਰੇ ਵਾਸੀ ਪਿੰਡ ਸਲੈਰੀਆ ਖ਼ੁਰਦ (ਹੁਸ਼ਿਆਰਪੁਰ) ਦੀ ਚੱਲ ਅਤੇ ਅਚੱਲ ਜਾਇਦਾਦ, ਬੈਂਕ ਲਾਕਰਾਂ ਅਤੇ ਬੈਂਕ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਐੱਸਐੱਸਪੀ ਮੁਤਾਬਕ ਉਕਤ ਮੁਲਜ਼ਮਾਂ ਨੂੰ ਬਲੌਂਗੀ ਅਤੇ ਖਰੜ ਸਦਰ ਥਾਣੇ ਵਿੱਚ ਦਰਜ ਦੋ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਤਸਕਰਾਂ ਅਤੇ ਅਗਵਾਕਾਰਾਂ ਤੋਂ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਅਗਵਾ ਕੀਤੇ ਗਏ ਦੋ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਬਚਾਇਆ ਗਿਆ ਹੈ ਅਤੇ ਇਸ ਸਬੰਧੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਪੰਜਾਬ ਵਿੱਚ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਬੈਠੇ ਕਥਿਤ ਮਨੁੱਖੀ ਤਸਕਰ ਅਤੇ ਅਗਵਾਕਾਰਾਂ ਦੇ ਸਰਗਣੇ ਸਨੀ ਕੁਮਾਰ ਵਾਸੀ ਪਿੰਡ ਸਲੈਰੀਆ ਖ਼ੁਰਦ (ਹੁਸ਼ਿਆਰਪੁਰ), ਜੋ ਇਸ ਸਮੇਂ ਇੰਡੋਨੇਸ਼ੀਆ 'ਚ ਰਹਿੰਦਾ ਹੈ ਤੇ ਜਸਵੀਰ ਸਿੰਘ ਉਰਫ਼ ਸੰਜੇ ਹਾਲ ਵਾਸੀ ਸਿੰਗਾਪੁਰ ਦੀ ਸਹਾਇਤਾ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ-ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੀ ਟਿਕਟ ਕਟਵਾ ਕੇ ਭੇਜ ਦਿੰਦੇ ਸਨ। ਉੱਥੇ ਸੰਨੀ ਕੁਮਾਰ (ਇੰਡੋਨੇਸ਼ੀਆ) ਅਤੇ ਜਸਵੀਰ ਸਿੰਘ ਉਰਫ਼ ਸੰਜੇ (ਸਿੰਗਾਪੁਰ) ਪੀੜਤ ਵਿਅਕਤੀਆਂ 'ਤੇ ਤਸ਼ੱਦਦ ਢਾਹੁਣ ਮਗਰੋਂ ਉਨ੍ਹਾਂ ਤੋਂ ਫੋਨ 'ਤੇ ਮੈਕਸੀਕੋ ਪਹੁੰਚਣ ਦੀ ਗੱਲ ਅਖਵਾਉਂਦਿਆਂ ਘਰਦਿਆਂ ਨੂੰ 40 ਲੱਖ ਰੁਪਏ ਏਜੰਟਾਂ ਨੂੰ ਦੇਣ ਲਈ ਕਹਿੰਦੇ ਸਨ। ਜਿਸ ਮਗਰੋਂ ਉਨ੍ਹਾਂ ਦੇ ਵਾਰਿਸ ਪੰਜਾਬ ਵਿੱਚ ਮਨੁੱਖੀ ਤਸਕਰੀ ਦਾ ਕੰਮ ਕਰਨ ਵਾਲੇ ਏਜੰਟ ਬਲਦੀਸ਼ ਕੌਰ, ਵੀਨਾ, ਸਾਹਿਲ ਭੱਟੀ, ਸੋਮਰਾਜ ਅਤੇ ਗੁਰਜੀਤ ਸਿੰਘ ਉਰਫ਼ ਮੰਗਾ, ਸੋਨੀਆ, ਅਭਿਸ਼ੇਕ, ਮਲਕੀਤ, ਟੋਨੀ, ਭੁਪਿੰਦਰ ਸਿੰਘ ਉਰਫ਼ ਭਿੰਦਾ, ਸੰਦੀਪ ਆੜ੍ਹਤੀਆ ਅਤੇ ਸੁਮਨ ਨਾਲ ਤਾਲਮੇਲ ਕਰਕੇ ਏਜੰਟਾਂ ਵੱਲੋਂ ਦੱਸੀ ਥਾਂ 'ਤੇ ਪੈਸੇ ਲੈ ਕੇ ਪਹੁੰਚ ਜਾਂਦੇ ਸਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਅਜਿਹੇ ਸੈਂਕੜੇ ਨੌਜਵਾਨਾਂ ਨੂੰ ਅਗਵਾ ਕਰਕੇ ਕਰੋੜਾਂ ਰੁਪਏ ਵਸੂਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਈ ਮਨੁੱਖੀ ਤਸਕਰ ਏਜੰਟ ਹਾਲੇ ਫਰਾਰ ਹਨ ਜਿਨ੍ਹਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।
ਜੱਗੂ ਭਗਵਾਨਪੁਰੀਆ ਦੇ ਨਾਮ ’ਤੇ ਫਿਰੌਤੀ ਮੰਗਣ ਵਾਲਾ ਕਾਬੂ
ਪੱਤਰ ਪ੍ਰੇਰਕ ਜੰਡਿਆਲਾ ਗੁਰੂ, 25 ਜਨਵਰੀ ਇੱਥੋਂ ਨਜ਼ਦੀਕੀ ਪਿੰਡ ਮਹਿਰਬਾਨਪੁਰਾ ਦੇ ਸਾਬਕਾ ਸਰਪੰਚ ਕੋਲੋਂ ਜੱਗੂ ਭਗਵਾਨਪੁਰੀਆ ਦੇ ਨਾਮ 'ਤੇ ਫਿਰੌਤੀ ਮੰਗਣ ਵਾਲਾ ਭਗੌੜਾ ਜੰਡਿਆਲਾ ਗੁਰੂ ਪੁਲੀਸ ਨੇ ਕਾਬੂ ਕੀਤਾ ਹੈ। ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਪੁਲੀਸ ਨੇ ਵਿਸ਼ੇਸ਼ ਚੈਕਿੰਗ ਦੌਰਾਨ ਸੰਦੀਪ ਸਿੰਘ ਗਾਝਾ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਗਾਝਾ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ 11 ਗੰਭੀਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ ਤੇ ਗਾਝਾ ਨੂੰ ਡਰੱਗ ਕੇਸ ਵਿੱਚ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਇੰਸਪੈਕਟਰ ਮੁਖਤਿਆਰ ਸਿੰਘ ਅਤੇ ਏਐਸਆਈ ਰਾਜਬੀਰ ਸਿੰਘ ਵੱਲੋਂ ਵੱਖ-ਵੱਖ ਟੀਮਾਂ ਨਾਲ ਘੇਰਾਬੰਦੀ ਕਰਕੇ ਗਾਝਾ ਨੂੰ ਕਾਬੂ ਕੀਤਾ ਹੈ। ਐਸਐਚਓ ਨੇ ਦੱਸਿਆ ਸੰਦੀਪ ਸਿੰਘ ਗਾਝਾ ਵੱਲੋਂ ਗੁਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਮੇਹਰਬਾਨਪੁਰਾ ਦੇ ਘਰ ਜਾ ਕੇ ਬੀਤੀ 18 ਜਨਵਰੀ ਨੂੰ ਜੱਗੂ ਭਗਵਾਨਪੁਰੀਆ ਦੇ ਨਾਂ ਉਤੇ ਡਰਾ ਧਮਕਾ ਕੇ 10 ਲੱਖ ਦੀ ਫਿਰੌਤੀ ਮੰਗੀ ਗਈ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਸੀ। ਇਸ ਕਾਰਨ ਇਸ ਦੇ ਖਿਲਾਫ ਥਾਣਾ ਜੰਡਿਆਲਾ ਗੁਰੂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਐਸਐਚਓ ਨੇ ਦੱਸਿਆ ਸੰਦੀਪ ਦੇ ਮੋਬਾਈਲ ਫੋਨ ਦਾ ਡਾਟਾ ਸਾਈਬਰ ਸੈੱਲ ਵੱਲੋਂ ਤਸਦੀਕ ਕੀਤਾ ਜਾ ਰਿਹਾ ਹੈ।
ਮੀਂਹ ਤੇ ਬੱਦਲਵਾਈ ਕਾਰਨ ਮੁੜ ਠੰਢ ਵਧੀ
ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 25 ਜਨਵਰੀ ਅੱਜ ਸਵੇਰੇ ਮੀਂਹ ਪੈਣ ਅਤੇ ਬਾਅਦ ਵਿੱਚ ਸੰਘਣੀ ਧੁੰਦ ਪੈਣ ਕਾਰਨ ਮੁੜ ਠੰਢ ਵਿੱਚ ਵਾਧਾ ਹੋਇਆ ਹੈ। ਅੱਜ ਸਾਰਾ ਦਿਨ ਬੱਦਲਵਾਈ ਵਾਲਾ ਮੌਸਮ ਬਣਿਆ ਰਿਹਾ। ਭਲਕੇ 26 ਜਨਵਰੀ ਨੂੰ ਵੀ ਬੱਦਲਵਾਈ ਅਤੇ ਧੁੰਦ ਵਾਲਾ ਮੌਸਮ ਦੱਸਿਆ ਗਿਆ ਹੈ।
ਖੁਦਕੁਸ਼ੀ ਮਾਮਲਾ: ਕੈਨੇਡਾ ਗਈ ਪਤਨੀ ਤੇ ਸਹੁਰੇ ਪਰਿਵਾਰ ਖਿਲ਼ਾਫ਼ ਕੇਸ ਦਰਜ
ਖੇਤਰੀ ਪ੍ਰਤੀਨਿਧ ਪਟਿਆਲਾ, 25 ਜਨਵਰੀ ਲਾਪਤਾ ਹੋਏ ਕੁਲੁਬੁਰਛਾਂ ਵਾਸੀ ਰਵਿੰਦਰ ਸਿੰਘ (27) ਦੇ ਪਰਿਵਾਰ ਵੱਲੋਂ ਭਾਵੇਂ ਕਿ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਉਸ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਮਿਲਣ ਮਗਰੋਂ ਪਿਤਾ ਚਮਕੌਰ ਸਿੰਘ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਸ ਨੇ ਕੈਨੇਡਾ ਗਈ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਜਿਸ ਤਹਿਤ ਪੁਲੀਸ ਨੇ ਪਤਨੀ ਸਮੇਤ ਪੰਜ ਜਣਿਆ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਦਾ ਵਿਆਹ ਅਪਰੈਲ 2022 'ਚ ਹੋਇਆ ਸੀ। ਜਿਸ ਮਗਰੋਂ ਦਸੰਬਰ 2022 'ਚ ਉਸ ਦੀ ਪਤਨੀ ਕੈਨੇਡਾ ਚਲੀ ਗਈ। ਇਸੇ ਦੌਰਾਨ ਉਹ 12 ਜਨਵਰੀ ਨੂੰ ਆਪਣੇ ਸਹੁਰੇ ਘਰ ਗਿਆ ਸੀ ਪਰ ਉਥੋਂ ਪਰਤਣ ਮਗਰੋਂ ਚਾਰ ਦਿਨਾਂ ਤੱਕ ਉਹ ਆਪਣੇ ਘਰੋਂ ਹੀ ਬਾਹਰ ਨਹੀਂ ਨਿਕਲ਼ਿਆ ਤੇ ਫੇਰ 16 ਜਨਵਰੀ ਨੂੰ ਅਜਿਹਾ ਘਰੋਂ ਗਿਆ ਕਿ ਵਾਪਸ ਨਹੀਂ ਪਰਤਿਆ। ਜਦੋਂ ਉਸ ਦੀ ਕਿਧਰੇ ਵੀ ਕੋਈ ਉਗ ਸੁੱਘ ਨਾ ਨਿਕਲੀ ਤਾਂ ਪਰਿਵਾਰ ਵੱਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਜਿਸ ਤਹਿਤ ਥਾਣਾ ਸਦਰ ਸਮਾਣਾ ਵਿੱਤ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਰ 22 ਜਨਵਰੀ ਨੂੰ ਉਸ ਦੀ ਲਾਸ਼ ਨਹਿਰ ਵਿਚੋਂ ਮਿਲੀ। ਜਾਣਕਾਰੀ ਮੁਤਾਬਕ ਪਰਿਵਾਰ ਨੇ ਦੋ ਦਿਨਾਂ ਤੱਕ ਇਸ ਕਰ ਕੇ ਸਸਕਾਰ ਨਾ ਕੀਤਾ, ਕਿ ਉਸ ਦੀ ਪਤਨੀ ਵਿਦੇਸ਼ ਵਿਚੋਂ ਸਸਕਾਰ 'ਤੇ ਤਾਂ ਜ਼ਰੂਰ ਆਵੇਗੀ ਪਰ ਜਦੋਂ ਉਹ ਨਾ ਆਈ, ਤਾਂ ਅੱਜ ਆਖਰ ਉਸ ਦੇ ਪਿਤਾ ਚਮਕੌਰ ਸਿੰਘ ਵੱਲੋਂ ਰਵਿੰਦਰ ਸਿੰਘ ਦੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਕੁੱਲ ਚਾਰ ਮੈਂਬਰਾਂ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ। ਜਿਸ ਦੀ ਸਮਾਣਾ ਦੇ ਡੀਐੱਸਪੀ ਸੌਰਵ ਜਿੰਦਲ ਨੇ ਸੰਪਰਕ ਕਰਨ 'ਤੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਉਸ ਦੀ ਮੋਟਰਸਾਈਕਲ 'ਤੇ ਨਹਿਰ ਵੱਲ ਨੂੰ ਜਾਂਦੇ ਦੀ ਵੀਡੀਓ ਫੁਟੇਜ ਵੀ ਮਿਲੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਘਰੋਂ ਜਾਣ ਲੱਗਿਆਂ ਆਪਣੇ ਦੋਵੇਂ ਫੋਨ ਘਰ ਹੀ ਰੱਖ ਗਿਆ ਸੀ, ਜੋ ਪੁਲੀਸ ਨੇ ਬਰਾਮਦ ਕਰ ਕੇ ਛਾਣਬੀਣ ਸ਼ੁਰੂ ਕਰ ਦਿਤੀ ਗਈ ਹੈ।
ਸਕਰੈਪ ਵਾਹਨ ਦੇ ਮਾਲਕ ਨੂੰ ਨਵਾਂ ਵਾਹਨ ਖ਼ਰੀਦਣ ’ਤੇ ਮਿਲੇਗੀ ਟੈਕਸ ਤੋਂ ਛੋਟ: ਭੁੱਲਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਪ੍ਰਦੂਸ਼ਣ ਘਟਾਉਣ ਦੇ ਮਕਸਦ ਨਾਲ ਸਕਰੈਪ ਵਾਹਨ ਦੇ ਮਾਲਕ ਨੂੰ ਨਵਾਂ ਵਾਹਨ ਖ਼ਰੀਦਣ 'ਤੇ ਮੋਟਰ ਵਹੀਕਲ ਟੈਕਸ ਤੋਂ ਛੋਟ ਦੇਣ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਅ ਮੰਤਰਾਲੇ ਵੱਲੋਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਬਾਰੇ ਲਾਗੂ ਕੀਤੀ ਗਈ ਸਕਰੈਪਿੰਗ ਨੀਤੀ ਤਹਿਤ ਪੰਜਾਬ ਕੈਬਨਿਟ ਨੇ ਵੀ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ-1924 ਦੀ ਧਾਰਾ 13 (3) ਅਧੀਨ ਨਵੀਆਂ ਗੱਡੀਆਂ ਦੀ ਖ਼ਰੀਦ ਮੌਕੇ ਛੋਟ ਦੇਣ ਦਾ ਫ਼ੈਸਲਾ ਕੀਤਾ ਸੀ। ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਮੋਟਰ ਵਹੀਕਲ ਟੈਕਸ 'ਚ ਟਰਾਂਸਪੋਰਟ ਵਾਹਨ ਮਾਲਕਾਂ ਨੂੰ 15 ਫ਼ੀਸਦੀ ਤੇ ਨਾਨ-ਟਰਾਂਸਪੋਰਟ ਵਾਹਨ ਮਾਲਕਾਂ ਨੂੰ 25 ਫ਼ੀਸਦੀ ਤੱਕ ਛੋਟ ਮਿਲੇਗੀ। ਉਨ੍ਹਾਂ ਕਿਹਾ ਕਿ ਵਾਤਾਵਰਨ ਪੱਖੀ ਫ਼ੈਸਲੇ ਨਾਲ ਸਕਰੈਪਿੰਗ ਪਾਲਿਸੀ ਅਧੀਨ ਟਰਾਂਸਪੋਰਟ ਗੱਡੀਆਂ ਦੇ ਮਾਲਕ ਗੱਡੀ ਦੀ ਰਜਿਸਟ੍ਰੇਸ਼ਨ ਤੋਂ 8 ਸਾਲ ਤੱਕ ਅਤੇ ਨਾਨ-ਟਰਾਂਸਪੋਰਟ ਗੱਡੀਆਂ ਦੇ ਮਾਲਕ 15 ਸਾਲ ਤੱਕ ਸਕੀਮ ਦਾ ਲਾਭ ਉਠਾ ਸਕਦੇ ਹਨ। ਇਸ ਨੀਤੀ ਤਹਿਤ ਜਿਸ ਵੇਲੇ ਗੱਡੀ ਨੂੰ ਸਕਰੈਪ ਕੀਤਾ ਜਾਵੇਗਾ ਤਾਂ ਇਸ ਬਾਰੇ ਸਕਰੈਪਰ ਵੱਲੋਂ ਹੀ ਗੱਡੀ ਦੀ ਖ਼ਰੀਦ ਕੀਤੀ ਜਾਵੇਗੀ। ਸਕਰੈਪਰ ਵੱਲੋਂ ਵਾਹਨ ਦੇ ਮਾਲਕ ਨੂੰ ਸਰਟੀਫਿਕੇਟ ਆਫ਼ ਡਿਪਾਜ਼ਿਟ (ਵਾਹਨ ਜਮ੍ਹਾਂ ਕਰਵਾਉਣ ਦਾ ਸਰਟੀਫਿਕੇਟ) ਜਾਰੀ ਕੀਤਾ ਜਾਵੇਗਾ, ਜਿਸ ਨੂੰ ਗੱਡੀ ਮਾਲਕ ਵੱਲੋਂ ਸਬੰਧਿਤ ਲਾਇਸੈਂਸਿੰਗ ਅਥਾਰਿਟੀ ਕੋਲ ਜਮ੍ਹਾਂ ਕਰਵਾਉਣ ਉੱਤੇ ਨਵੀਂ ਗੱਡੀ ਦੀ ਰਜਿਸਟ੍ਰੇਸ਼ਨ ਦੇ ਮੋਟਰ ਵਹੀਕਲ ਟੈਕਸ 'ਚ ਛੋਟ ਮਿਲੇਗੀ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਗੱਡੀ ਨੂੰ ਰਜਿਸਟ੍ਰੇਸ਼ਨ ਤੋਂ 8 ਸਾਲ ਤੱਕ ਸਕਰੈਪ ਕਰਨਾ ਆਪਸ਼ਨਲ ਹੈ।
ਚੀਨੀ ਡੋਰ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ
ਪੱਤਰ ਪ੍ਰੇਰਕ ਸੰਗਰੂਰ(ਭਵਾਨੀਗੜ੍ਹ), 25 ਜਨਵਰੀ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਪ੍ਰਿਟਿੰਗ ਅਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਸੂਬਾ ਵਾਸੀਆਂ ਨੂੰ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਹੈ। ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੂੰ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਮੌਕੇ ਸਿੰਥੈਟਿਕ ਜਾਂ ਕਿਸੇ ਹੋਰ ਮਾੜੀ ਸਮੱਗਰੀ ਨਾਲ ਬਣੀ ਚੀਨੀ ਡੋਰ ਦੀ ਵਿਕਰੀ ਅਤੇ ਵਰਤੋਂ ਉਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ। ਕੈਬਨਿਟ ਮੰਤਰੀ ਨੇ ਪਤੰਗਬਾਜ਼ਾਂ ਨੂੰ ਵੀ ਅਪੀਲ ਕੀਤੀ ਕਿ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ਨਾ ਕਰਨ। ਉਨਾਂ ਕਿਹਾ ਕਿ ਪਤੰਗ ਚੜਾਉਣ ਲਈ ਆਮ ਧਾਗੇ ਵਾਲੀ ਡੋਰ ਦੀ ਹੀ ਵਰਤੋਂ ਕੀਤੀ ਜਾਵੇੇ।
ਸਾਢੇ ਚਾਰ ਕਿੱਲੋ ਹੈਰੋਇਨ ਸਣੇ ਇੱਕ ਕਾਬੂ, ਦੂਜਾ ਫਰਾਰ
ਨਿੱਜੀ ਪੱਤਰ ਪ੍ਰੇਰਕ ਮਲੋਟ/ਲੰਬੀ, 25 ਜਨਵਰੀ ਥਾਣਾ ਲੰਬੀ ਦੀ ਪੁਲੀਸ ਨੇ ਡੀਐੱਸਪੀ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ 4 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸ਼ੱਕੀ ਵਿਅਕਤੀਆਂ ਦੀ ਪੜਤਾਲ ਲਈ ਡਿਫੈਂਸ ਰੋਡ ਨੇੜੇ ਪਿੰਡ ਬਲੋਚਕੋਰਾ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਕਾਰ ਸਵਾਰ ਗੌਰਵ ਠਾਕੁਰ ਉਰਫ ਗੋਰਾ ਪੁੱਤਰ ਅਰੁਣ ਕੁਮਾਰ ਵਾਸੀ ਸਾਵਨ ਸਿੰਘ ਕਲੋਨੀ, ਨੇੜੇ ਮਾਰਕਫੈੱਡ ਚੌਕ ਬੱਕਰਖਾਨਾ, ਆਕਾਸ਼ ਉਰਫ ਯਾਦਵ ਵਾਸੀ ਮਾਰਕਫੈੱਡ ਚੌਕ ਬੱਕਰਖਾਨਾ, ਕਪੂਰਥਲਾ ਖ਼ਿਲਾਫ਼ ਥਾਣਾ ਲੰਬੀ 'ਚ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਗੌਰਵ ਕੁਮਾਰ ਨੂੰ ਮੌਕੇ 'ਤੇ ਹੀ ਕਾਬੂ ਕੀਤਾ ਗਿਆ ਜਦਕਿ ਉਸ ਦਾ ਦੂਸਰਾ ਸਾਥੀ ਆਕਾਸ਼ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਗੌਰਵ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਕਿਸਾਨ ਯੂਨੀਅਨਾਂ ਤੇ ਜਥੇਬੰਦੀਆਂ ਦੇਸ਼ ਭਰ ’ਚ ਅੱਜ ਕਰਨਗੀਆਂ ਲਾਮਬੰਦੀ
ਪੱਤਰ ਪ੍ਰੇਰਕ ਨਵੀਂ ਦਿੱਲੀ, 25 ਜਨਵਰੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਦੇਸ਼ ਭਰ ਦੇ ਕਿਸਾਨ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਲਈ ਮੁੜ ਇਕਜੁੱਟ ਹੋਣਗੇ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਟਰੈਕਟਰ ਰੈਲੀਆਂ, ਮਾਰਚ ਅਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ 20 ਤੋਂ ਵੱਧ ਰਾਜਾਂ ਦੇ 300 ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੇ ਜਾਣ ਦੀ ਉਮੀਦ ਹੈ। ਇਸ ਦਿਨ ਮੋਰਚੇ ਦੀ ਅਗਵਾਈ ਵਿੱਚ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਭਲਕੇ ਜੀਂਦ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਜਾਵੇਗੀ, ਜਿਸ ਵਿੱਚ ਦੋ ਸਾਲ ਪਹਿਲਾਂ ਕਿਸਾਨਾਂ ਦੀ ਏਕਤਾ ਨੂੰ ਤੋੜਨ ਦੀ ਭਾਜਪਾ ਸਰਕਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ।
ਸੂਬਾ ਸਰਕਾਰ ਨੇ ਵਿਸਾਰਿਆ ਪਰਮਵੀਰ ਚੱਕਰ ਜੇਤੂ ਦਾ ਪਰਿਵਾਰ
ਲਖਵੀਰ ਸਿੰਘ ਚੀਮਾshy; ਟੱਲੇਵਾਲshy;, 25 ਜਨਵਰੀ ਕੇਂਦਰ ਸਰਕਾਰ ਵੱਲੋਂ ਅੰਡੇਮਾਨ ਦੇ 21 ਟਾਪੂਆਂ ਦੇ ਨਾਂ 'ਪਰਮਵੀਰ ਚੱਕਰ ਜੇਤੂ' ਫੌਜੀਆਂ ਦੇ ਨਾਂ 'ਤੇ ਰੱਖਣ ਨਾਲ ਸੱਤ ਦਹਾਕਿਆਂ ਤੋਂ ਸੂਬਾ ਸਰਕਾਰ ਵੱਲੋਂ ਵਿਸਾਰੇ ਬਰਨਾਲਾ ਜ਼ਿਲ੍ਹੇ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਪਰਿਵਾਰ ਦੇ ਜ਼ਖ਼ਮ ਫਿਰ ਤੋਂ ਅੱਲ੍ਹੇ ਹੋ ਗਏ ਹਨ। ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਵਿੱਚ ਜਨਮੇ ਕੈਪਟਨ ਕਰਮ ਸਿੰਘ ਮੱਲ੍ਹੀ ਦੇਸ਼ ਦੇ ਪਹਿਲੇ 'ਪਰਮਵੀਰ ਚੱਕਰ ਜੇਤੂ' ਸਨ। ਸਾਲ 1948 'ਚ ਪਾਕਿਸਤਾਨ ਨਾਲ 'ਟਿਥਵਾਲ ਅਪਰੇਸ਼ਨ' ਦੌਰਾਨ ਕੈਪਟਨ ਕਰਮ ਸਿੰਘ ਨੇ ਫ਼ੌਜ ਦੀ ਅਗਵਾਈ ਕੀਤੀ। ਇਸ ਲੜਾਈ ਵਿੱਚ ਉਹ ਇਕੱਲੇ ਜਿਊਂਦੇ ਰਹੇ ਤੇ ਉਨ੍ਹਾਂ ਦੇ 15-16 ਗੋਲੀਆਂ ਵੀ ਲੱਗੀਆਂ ਸਨ। ਉਨ੍ਹਾਂ ਵੱਲੋਂ ਇਹ ਅਪਰੇਸ਼ਨ ਆਪਣੇ ਦਮ 'ਤੇ ਫ਼ਤਿਹ ਕੀਤਾ ਗਿਆ ਸੀ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਭਾਰਤ ਦੇ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਵੱਲੋਂ ਉਨ੍ਹਾਂ ਨੂੰ 26 ਜਨਵਰੀ 1951 ਵਿੱਚ 'ਪਰਮਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਕੈਪਟਨ ਕਰਮ ਸਿੰਘ 1969 ਵਿੱਚ ਫ਼ੌਜ ਵਿੱਚੋਂ ਸੇਵਾਮੁਕਤ ਹੋਏ ਅਤੇ 1993 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕੇਂਦਰ ਸਰਕਾਰ ਨੇ ਤਾਂ ਭਾਵੇਂ ਉਨ੍ਹਾਂ ਨੂੰ ਵੱਡਾ ਮਾਣ ਬਖਸ਼ਿਆ ਹੈshy; ਪਰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਮੇਸ਼ਾ ਅਣਗੌਲਿਆ ਹੀ ਕੀਤਾ ਗਿਆ ਹੈ। ਜ਼ਿਲ੍ਹੇ ਅੰਦਰ ਨਾ ਤਾਂ ਉਨ੍ਹਾਂ ਦਾ ਕੋਈ ਬੁੱਤ ਸਥਾਪਿਤ ਕੀਤਾ ਗਿਆ ਅਤੇ ਨਾ ਹੀ ਕੋਈ ਯਾਦਗਾਰ ਬਣਾਈ ਗਈ ਹੈ। ਸਿਰਫ਼ ਪਿੰਡ ਦੇ ਬੱਸ ਅੱਡੇ 'ਤੇ ਇੱਕ ਪੱਟੀ ਉਨ੍ਹਾਂ ਦੇ ਨਾਮ ਦੀ ਲਾ ਕੇ ਬੁੱਤਾ ਸਾਰ ਦਿੱਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ 15 ਅਗਸਤ ਜਾਂ 26 ਜਨਵਰੀ ਸਮਾਗਮ ਮੌਕੇ ਨਹੀਂ ਸੱਦਿਆ ਜਾਂਦਾ। ਇਸ ਸਬੰਧੀ ਪਰਿਵਾਰ ਨੇ ਕਈ ਵਾਰ ਜ਼ਿਲ੍ਹੇ ਦੇ ਡੀਸੀ ਨੂੰ ਕਈ ਵਾਰ ਮੰਗ ਪੱਤਰ ਵੀ ਦਿੱਤੇshy;। ਕੈਪਟਨ ਕਰਮ ਸਿੰਘ ਦੇ ਪੋਤਰੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੰਡੇਮਾਨ 'ਚ ਰੱਖੇ ਸਮਾਗਮ ਵਿੱਚ ਕੇਂਦਰ ਸਰਕਾਰ ਦੇ ਸੱਦੇ 'ਤੇ ਉਨ੍ਹਾਂ ਦੀ ਪੋਤਰੀ ਗੁਰਪ੍ਰੀਤ ਕੌਰ ਸਮਾਗਮ ਵਿੱਚ ਸ਼ਾਮਲ ਹੋਈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪਿੰਡ ਦੇ ਸਰਪੰਚ ਜਗਦੀਪ ਸਿੰਘ ਮੱਲ੍ਹੀ ਨੇ ਮੰਗ ਕੀਤੀ ਕਿ ਕੈਪਟਨ ਕਰਮ ਸਿੰਘ ਦੀ ਯਾਦ 'ਚ ਜ਼ਿਲ੍ਹੇ ਅੰਦਰ ਕੋਈ ਯਾਦਗਾਰ ਬਣਾਈ ਜਾਵੇ। ਇਸ ਸਬੰਧੀ ਡੀਸੀ ਬਰਨਾਲਾ ਪੂਨਮਦੀਪ ਕੌਰ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਗਬਨ ਦੇ ਮਾਮਲੇ ’ਚ ਸਰਪੰਚ ਤੇ ਪੰਚਾਇਤ ਸਕੱਤਰ ਗ੍ਰਿਫਤਾਰ
ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਚੌਕਸੀ ਵਿਭਾਗ (ਵਿਜੀਲੈਂਸ ਬਿਊਰੋ) ਨੇ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਜ਼ਿਲ੍ਹੇ ਦੇ ਪਿੰਡ ਵੈਰੋਵਾਲ ਬਾਵਿਆ (ਬਲਾਕ ਖਡੂਰ ਸਾਹਿਬ) ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਅਤੇ ਪੰਚਾਇਤ ਸਕੱਤਰ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਪਿੰਡ ਦੀ ਪੰਚਾਇਤ ਨੂੰ 2013 ਤੋਂ 2017 ਤੱਕ ਪ੍ਰਾਪਤ ਹੋਏ ਵਿਕਾਸ ਫੰਡਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਚਾਇਤ ਨੂੰ ਕੁੱਲ 47,47,373 ਰੁਪਏ ਦੇ ਸਰਕਾਰੀ ਫੰਡ ਪ੍ਰਾਪਤ ਹੋਏ ਅਤੇ ਨਾਲ ਹੀ ਪਿੰਡ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ਦੇ ਠੇਕੇ ਤੋਂ 24,75,000 ਰੁਪਏ ਪ੍ਰਾਪਤ ਹੋਏ ਸਨ। ਇਸ ਰਾਸ਼ੀ ਵਿਚੋਂ ਸਰਪੰਚ ਗੁਰਜੀਤ ਸਿੰਘ ਅਤੇ ਪੰਚਾਇਤ ਸਕੱਤਰ ਬਲਰਾਜ ਸਿੰਘ ਨੇ ਕਥਿਤ ਮਿਲੀਭੁਗਤ ਕਰਕੇ ਕੁੱਲ ਰਾਸ਼ੀ 72,22,373 ਰੁਪਏ ਵਿਚੋਂ 63,62,522 ਰੁਪਏ ਖਰਚ ਕਰਕੇ ਬਾਕੀ ਦੀ 8,59,851 ਲੱਖ ਰੁਪਏ ਰਕਮ ਦਾ ਗਬਨ ਕੀਤਾ ਹੈ। ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ|
ਡੇਰਾ ਮੁਖੀ ਨੂੰ ਸੂਬਾਈ ਸਮਾਗਮ ’ਚ ਸੱਦਣਾ ਕਾਨੂੰਨ ਦੀ ਉਲੰਘਣਾ: ਅਕਾਲੀ ਦਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਸਰਕਾਰ ਵੱਲੋਂ ਜਬਰ-ਜਨਾਹ ਦੇ ਦੋਸ਼ੀ ਰਾਮ ਰਹੀਮ ਨੂੰ ਸੂਬਾ ਪੱਧਰੀ ਸਮਾਗਮ ਵਾਸਤੇ ਸੱਦਾ ਦੇਣ ਨੂੰ ਨਿਆਂਇਕ ਪ੍ਰਕਿਰਿਆ ਲਈ ਚੁਣੌਤੀ ਕਰਾਰ ਦਿੱਤਾ। ਅਕਾਲੀ ਦਲ ਦੇ ਪੰਥਕ ਸਲਾਹਕਾਰ ਬੋਰਡ ਨੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਦੇ ਸਿਖਰਲੇ ਅਧਿਕਾਰੀ ਰਾਮ ਰਹੀਮ ਦਾ ਸਨਮਾਨ ਕਰ ਰਹੇ ਹਨ, ਜਿਸ ਨਾਲ ਸੱਭਿਅਕ ਸਮਾਜ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਮੁੱਖ ਮੰਤਰੀ ਦੇ ਓਐੱਸਡੀ ਅਤੇ ਭਾਜਪਾ ਦੇ ਸੰਸਦ ਮੈਂਬਰ ਜਬਰ-ਜਨਾਹ ਦੇ ਦੋਸ਼ੀ ਨੂੰ ਸੂਬਾਈ ਸਮਾਗਮਾਂ ਵਾਸਤੇ ਸੱਦਾ ਦੇਣ ਲਈ ਜਾਣ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅਦਾਲਤ ਦੀ ਮਾਣਹਾਨੀ ਦੇ ਸਾਮਾਨ ਹੈ। ਸਲਾਹਕਾਰ ਬੋਰਡ ਨੇ ਕਿਹਾ ਕਿ ਭਾਵੇਂ ਰਾਮ ਰਹੀਮ ਖ਼ਿਲਾਫ਼ ਫ਼ੌਜਦਾਰੀ ਕੇਸ ਬਕਾਇਆ ਹਨ ਪਰ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਉਸ ਨੂੰ ਵੀਵੀਆਈਪੀ ਵਜੋਂ ਮਾਣ-ਸਤਿਕਾਰ ਦੇ ਰਹੀ ਹੈ। ਬੋਰਡ ਨੇ ਕਿਹਾ ਕਿ ਰਾਮ ਰਹੀਮ ਨੂੰ ਤੁਰੰਤ ਪੱਛਮੀ ਬੰਗਾਲ ਵਰਗੇ ਕਿਸੇ ਹੋਰ ਸੂਬੇ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਡੇਰਾ ਮੁਖੀ ਨੇ ਸਿੱਖ ਕੱਕਾਰ ਦਾ ਅਪਮਾਨ ਕੀਤਾ: ਧਾਮੀ ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨਾਲ ਕੇਕ ਕੱਟ ਕੇ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਡੇਰਾ ਮੁਖੀ ਦੀ ਪੈਰੋਲ ਤੁਰੰਤ ਰੱਦ ਕਰਕੇ ਉਸ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਧਾਮੀ ਨੇ ਕਿਹਾ ਕਿ ਡੇਰਾ ਮੁਖੀ ਜਾਣ-ਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਦਾ ਅਹਿਮ ਧਾਰਮਿਕ ਚਿੰਨ੍ਹ ਹੈ, ਜਿਸ ਦੀ ਤੌਹੀਨ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਇਕਾਈ ਭੰਗ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਆਮ ਆਦਮੀ ਪਾਰਟੀ (ਆਪ) ਨੇ ਆਪਣੀ ਹਰਿਆਣਾ ਯੂਨਿਟ ਨੂੰ ਭੰਗ ਕਰ ਦਿੱਤਾ ਹੈ। ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਪੱਤਰ ਜਾਰੀ ਕਰਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨਵੇਂ ਢਾਂਚੇ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ (ਆਪ) ਨੇ ਸਾਲ 2024 ਵਿੱਚ ਹਰਿਆਣਾ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਪਾਰਟੀ ਚੋਣਾਂ ਨੂੰ ਮੁੱਖ ਰੱਖ ਕੇ ਨਵੇਂ ਆਗੂਆਂ ਨੂੰ ਜ਼ਿੰਮੇਵਾਰੀ ਦੇਵੇਗੀ। 'ਆਪ' ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਹਰਿਆਣਾ ਵਿੱਚ ਸੂਬਾ, ਜ਼ੋਨ, ਜ਼ਿਲ੍ਹਾ, ਲੋਕ ਸਭਾ, ਵਿਧਾਨ ਸਭਾ ਸਣੇ ਸਾਰੇ ਢਾਂਚੇ ਨੂੰ ਭੰਗ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿੰਡ ਤੇ ਬੂਥ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਮੁੜ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 29 ਤੇ 30 ਜਨਵਰੀ ਨੂੰ ਗੁਰੂਗ੍ਰਾਮ, ਰੋਹਤਕ, ਹਿਸਾਰ ਅਤੇ ਕੁਰੂਕਸ਼ੇਤਰ ਵਿੱਚ ਜ਼ੋਨਲ ਪੱਧਰ ਦੇ ਸੰਮੇਲਨ ਰੱਖੇ ਗਏ ਹਨ। ਉਸ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਾਰਾਜੋਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ 'ਆਪ' ਨੇ ਹਰਿਆਣਾ ਵਿੱਚ ਇਸ ਤੋਂ ਪਹਿਲਾਂ ਸਾਲ 2022 ਵਿੱਚ ਸੂਬਾ ਯੂਨਿਟ ਨੂੰ ਭੰਗ ਕਰ ਦਿੱਤਾ ਸੀ। ਉਸ ਸਮੇਂ ਪਾਰਟੀ ਨੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੂੰ ਹਰਿਆਣਾ ਦਾ ਇੰਚਾਰਜ ਲਾਇਆ ਸੀ। ਜਦਕਿ ਹਾਲੇ ਤੱਕ 'ਆਪ' ਨੇ ਹਰਿਆਣਾ ਵਿੱਚ ਕਿਸੇ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਹੈ।
ਆਮ ਆਦਮੀ ਕਲੀਨਿਕ ਦੇ ਨਾਂ ’ਤੇ ਲੋਕਾਂ ਨੂੰ ਬਣਾਇਆ ਜਾ ਰਿਹੈ ਮੂਰਖ: ਮਜੀਠੀਆ
ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 25 ਜਨਵਰੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਵਲੋਂ ਪੁਰਾਣੀਆਂ ਤੇ ਅਸੁਰੱਖਿਅਤ ਇਮਾਰਤਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪਿੰਡ ਥਰੀਏਵਾਲਾ ਵਿਚ 1966 ਵਿਚ ਬਣੀ ਇਮਾਰਤ ਨੂੰ ਆਪ ਕਲੀਨਿਕ ਵਿਚ ਤਬਦੀਲ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਇਮਾਰਤ ਦੇ ਨਵੀਨੀਕਰਨ 'ਤੇ 25 ਲੱਖ ਰੁਪਏ ਖਰਚ ਕੀਤੇ ਗਏ ਹਨ ਜਿਸ ਵਿਚ ਫਾਲ ਸੀਲਿੰਗ ਅਤੇ ਇਮਾਰਤ ਨੂੰ ਨਵੇਂ ਸਿਰੇ ਤੋਂ ਪੇਂਟ ਕਰਨ ਦਾ ਕੰਮ ਵੀ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਕੰਮ ਮਾਰਕੀਟ ਰੇਟ 'ਤੇ 4 ਤੋਂ 5 ਲੱਖ ਰੁਪਏ ਵਿਚ ਹੋ ਜਾਂਦਾ ਹੈ, ਉਸ 'ਤੇ 20 ਤੋਂ 25 ਲੱਖ ਰੁਪਏ ਪ੍ਰਤੀ ਸੈਂਟਰ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿਚ ਵੱਡਾ ਘੁਟਾਲਾ ਹੈ । ਅਸੁੱਖਿਅਤ ਇਮਾਰਤਾਂ ਨੂੰ ਆਪ ਕਲੀਨਿਕਾਂ ਵਿਚ ਬਦਲਣ ਕਾਰਨ ਲੋਕਾਂ ਦੀ ਜਾਨ ਜੋਖਮ ਵਿਚ ਪੈ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੀ ਚੌਕਸ ਕੀਤਾ ਕਿ ਉਹ ਕੋਈ ਵੀ ਗਲਤ ਕੰਮ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵਫਦ ਛੇਤੀ ਹੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਆਪ ਸਰਕਾਰ ਵੱਲੋਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਬਾਰੇ ਸ਼ਿਕਾਇਤ ਦੇਵੇਗਾ।
ਸ਼ੇਰਪੁਰ ਦੇ ਪਿੰਡਾਂ ’ਚ ਪਹੁੰਚੀ ਜਹਾਂਗੀਰ ਦੀ ਪੈਦਲ ਯਾਤਰਾ
ਬੀਰਬਲ ਰਿਸ਼ੀ ਸ਼ੇਰਪੁਰ, 25 ਜਨਵਰੀ ਅਮਰਗੜ੍ਹ ਤੇ ਮਾਲੇਰਕੋਟਲਾ ਦੇ 38 ਪਿੰਡਾਂ 'ਚ ਤਕਰੀਬਨ ਇੱਕ ਸੌ ਕਿੱਲੋਮੀਟਰ ਦਾ ਪੰਧ ਮੁਕਾਕੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਬਲਾਕ ਸ਼ੇਰਪੁਰ ਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਤੋਂ ਅੱਜ ਵਜ਼ੀਦਪੁਰ ਬਧੇਸ਼ਾ, ਗੰਡੇਵਾਲ, ਟਿੱਬਾ ਹੁੰਦੇ ਹੋਏ ਪਿੰਡ ਬੜੀ ਵਿਖੇ ਪੈਦਲ ਮਾਰਚ ਆਪਣੇ ਅੱਜ ਦੇ ਅੰਤਿਮ ਪੜਾਅ ਵਿਖੇ ਪੁੱਜਿਆ। ਵੱਖੋ-ਵੱਖਰੇ ਪਿੰਡਾਂ ਵਿੱਚ ਪੈਦਲ ਮਾਰਚ ਦਾ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨ ਸ਼ੇਰਪੁਰ ਦੇ ਪ੍ਰਧਾਨ ਹਰਦੇਵ ਸਿੰਘ ਬੜੀ ਦੀ ਅਗਵਾਈ ਹੇਠ ਭਰਵਾ ਸਵਾਗਤ ਕਰਦਿਆਂ ਲੋਕਾਂ ਨੇ ਅਰਾਮ ਕਰਨ ਦੀ ਉਮਰੇ ਲੋਕ ਚੇਤਨਾ ਲਈ ਘਰੋਂ ਸਿਰੜ ਸਿਦਕ ਨਾਲ ਤੁਰੇ ਬਜ਼ੁਰਗ ਸ੍ਰੀ ਜਹਾਂਗੀਰ ਨੂੰ ਹਾਰਾਂ ਨਾਲ ਲੱਦ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਲੌਂਗੋਵਾਲ ਤੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ 'ਆਪ' ਸਰਕਾਰ ਇੱਕ ਪਾਸੇ ਕੰਗਨਵਾਲ ਤੋਂ ਪੰਜਗਰਾਈਆਂ ਤੱਕ ਰਜਵਾਹੇ ਦੀ ਮਿਣਤੀ ਸ਼ੁਰੂ ਕਰਵਾਈ ਹੈ ਪਰ ਦੂਜੇ ਪਾਸੇ ਮੁਆਵਜ਼ਾ ਲੈ ਚੁੱਕੇ ਕੁੱਝ ਧਨਾਢ ਇਸ ਰਜਵਾਹੇ ਦਾ ਵਿਰੋਧ ਕਰਨ ਲਈ ਖੜ੍ਹੇ ਕਰ ਦਿੱਤਾ ਅਤੇ ਜੇਕਰ ਇਨ੍ਹਾਂ ਨਾਲ ਸਰਕਾਰ ਸਖਤੀ ਨਾਲ ਪੇਸ਼ ਨਾ ਆਈ ਤਾਂ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ। ਪੈਦਲ ਯਾਤਰੀ ਜਰਨੈਲ ਸਿੰਘ ਜਹਾਂਗੀਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਬੇਰੁਖੀ ਨੂੰ ਲੋਕ ਵਿਰੋਧੀ ਕਰਾਰ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੁੱਝ ਮੁੱਠੀ ਭਰ ਆਗੂ ਪੈਦਲ ਮਾਰਚ ਦਾ ਵਿਰੋਧ ਕਰਦੇ ਹੋਏ ਘਟੀਆਂ ਚਾਲਾਂ ਚੱਲ ਰਹੇ ਹਨ ਅਤੇ ਜੇਕਰ ਬਾਜ਼ ਨਾ ਆਏ ਤਾਂ ਉਹ ਇਸ ਘਟਨਾਕ੍ਰਮ ਨੂੰ ਮੂਕ ਦਰਸ਼ਨ ਬਣਕੇ ਸਹਿਣ ਨਹੀਂ ਕਰਨਗੇ।
ਫਗਵਾੜਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ
ਪੱਤਰ ਪ੍ਰੇਰਕ ਫਗਵਾੜਾ, 25 ਜਨਵਰੀ ਇੱਥੋਂ ਦੇ ਵਰਿੰਦਰ ਪਾਰਕ ਨੇੜਲੇ ਕੂੜੇ ਡੰਪ ਕੋਲੋਂ ਗੁਟਕਾ ਸਾਹਿਬ ਬਰਾਮਦ ਹੋਇਆ ਹੈ। ਇਸ ਸਬੰਧੀ ਪਤਾ ਲੱਗਣ 'ਤੇ ਸਿੱਖ ਜਥੇਬੰਦੀਆਂ ਦੇ ਆਗੂ ਤੁਰੰਤ ਮੌਕੇ 'ਤੇ ਪਹੁੰਚ ਗਏ। ਸਿੱਖ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਪਾਰਕ ਨੇੜਲੇ ਇੱਕ ਦੁਕਾਨਦਾਰ ਨੇ ਉਨ੍ਹਾਂ ਨੂੰ ਗੁਟਕਾ ਸਾਹਿਬ ਬਾਰੇ ਸੂਚਿਤ ਕੀਤਾ ਸੀ। ਉਨ੍ਹਾਂ ਮੌਕੇ 'ਤੇ ਪਹੁੰਚ ਕੇ ਸਿੱਖ ਮਰਿਆਦਾ ਅਨੁਸਾਰ ਗੁਟਕਾ ਸਾਹਿਬ ਨੂੰ ਗੁਰਦੁਆਰੇ ਲਿਆਂਦਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੇਹਲੀ ਅਤੇ ਪੁਰਾਣਾ ਸਿਵਲ ਹਸਪਤਾਲ ਵਿੱਚ ਵੀ ਬੇਅਦਬੀ ਦੀ ਘਟਨਾ ਵਾਪਰ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਐੱਸਐੱਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲੀਸ ਵੱਲੋਂ ਕਮਲਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੇਹਲੀ ਗੇਟ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਹੈ।
ਮੈਡੀਕਲ ਕਾਲਜ ਦਾ ਕੰਮ ਰੁਕਵਾਉਣ ਦੇ ਲਾਏ ਦੋਸ਼ ਬੇਬੁਨਿਆਦ: ਢੀਂਡਸਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਜਨਵਰੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸੰਤ ਅਤਰ ਸਿੰਘ ਗੁਰੂਸਾਗਰ ਮਸਤੂਆਣਾ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਉਸ ਬਿਆਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਢੀਂਡਸਾ ਪਰਿਵਾਰ 'ਤੇ ਸੰਗਰੂਰ ਮੈਡੀਕਲ ਕਾਲਜ ਦਾ ਕੰਮ ਰੁਕਵਾਉਣ ਦਾ ਦੋਸ਼ ਲਗਾਇਆ ਸੀ। ਢੀਂਡਸਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਕਦੇ ਵੀ ਸੰਗਰੂਰ ਵਿੱਚ ਮੈਡੀਕਲ ਕਾਲਜ ਬਣਾਉਣ ਦੇ ਕੰਮ 'ਚ ਅੜਿੱਕਾ ਨਹੀਂ ਪਾਇਆ ਹੈ ਅਤੇ ਜੇਕਰ ਮੁੱਖ ਮੰਤਰੀ ਇਸ ਕਾਲਜ ਦੇ ਮਾਮਲੇ ਵਿੱਚ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਦਖ਼ਲ ਸਾਬਤ ਕਰ ਦੇਣ ਤਾਂ ਉਹ ਦੇਣਦਾਰ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਾਲਜ ਦੇ ਬਹਾਨੇ ਇਸ ਨੂੰ ਇੱਕ ਸਿਆਸੀ ਮੁੱਦਾ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਖੱਟਰ ਵੱਲੋਂ ਗੰਨੇ ਦੇ ਭਾਅ ਵਿੱਚ 10 ਰੁਪਏ ਦੇ ਵਾਧੇ ਦਾ ਐਲਾਨ
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 25 ਜਨਵਰੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਗੰਨੇ ਦੇ ਭਾਅ ਵਿੱਚ ਦਸ ਰੁਪਏ ਪ੍ਰਤੀ ਕੁਇੰਟਲ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਮਗਰੋਂ ਗੰਨੇ ਦਾ ਭਾਅ 372 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ। ਮੁੱਖ ਮੰਤਰੀ ਸ੍ਰੀ ਖੱਟਰ ਨੇ ਪਿਪਲੀ ਪੈਰਾਕੀਟ ਵਿਚ ਕਰਵਾਏ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੁਣ ਗੰਨੇ ਦੇ ਭਾਅ ਵਿਚ ਵਾਧਾ ਹੋ ਗਿਆ ਹੈ ਤੇ ਉਹ ਮਿੱਲਾਂ ਨੂੰ ਸੁਚਾਰੂ ਰੂਪ ਵਿਚ ਚੱਲਣ ਦੇਣ। ਖੰਡ ਮਿੱਲਾਂ ਦਾ ਬੰਦ ਹੋਣਾ ਨਾ ਤਾਂ ਕਿਸਾਨਾਂ ਦੇ ਹਿੱਤ ਵਿੱਚ ਹੈ ਤੇ ਨਾ ਹੀ ਮਿੱਲਾਂ ਦੇ। ਉਨ੍ਹਾਂ ਕਿਹਾ ਕਿ ਖੰਡ ਦੀ ਕੀਮਤ ਉਮੀਦ ਮੁਤਾਬਕ ਨਹੀਂ ਵਧੀ। ਫਿਰ ਵੀ ਖੰਡ ਦੀ ਕੀਮਤ ਦੀ ਤੁਲਨਾ ਮੁਤਾਬਕ ਕਿਸਾਨਾਂ ਨੂੰ ਗੰਨੇ ਦਾ ਭਾਅ ਵੱਧ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲਾਂ ਘਾਟੇ ਵਿੱਚ ਚੱਲ ਰਹੀਆਂ ਹਨ। ਇਸ ਸਮੇਂ ਸੂਬੇ ਦੀਆਂ ਖੰਡ ਮਿੱਲਾਂ 'ਤੇ 5293 ਕਰੋੜ ਰੁਪਏ ਦਾ ਘਾਟਾ ਹੈ। ਖੰਡ ਉਤਪਾਦਨ ਦੀ ਔਸਤ ਲਾਗਤ 4341 ਰੁਪਏ ਪ੍ਰਤੀ ਕੁਇੰਟਲ ਹੈ ਤੇ ਵਿਕਰੀ ਮੁੱਲ 3400 ਰੁਪਏ ਕੁਇੰਟਲ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਮਿੱਲਾਂ ਨੂੰ 1005 ਕਰੋੜ ਰੁਪਏ ਦਾ ਕਰਜ਼ ਦਿੱਤਾ ਗਿਆ ਹੈ। ਸੂਬੇ ਦੀਆਂ ਸਾਰੀਆਂ ਸਹਿਕਾਰੀ ਤੇ ਪ੍ਰਾਈਵੇਟ ਮਿੱਲਾਂ ਨੂੰ 329 ਕਰੋੜ ਦੀ ਰਾਸ਼ੀ ਸਬਸਿਡੀ ਵਜੋਂ ਦਿੱਤੀ ਗਈ ਹੈ। ਸਰਕਾਰੀ ਖੰਡ ਮਿੱਲਾਂ ਦੀ ਰਿਕਵਰੀ 9.75 ਫ਼ੀਸਦੀ ਹੈ ਤੇ ਨਿੱਜੀ ਮਿੱਲਾਂ ਦਾ 10.24 ਫ਼ੀਸਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਥੇ ਪਿਪਲੀ ਪੈਰਾਕੀਟ ਪੁੱਜਣ 'ਤੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ, ਸਾਬਕਾ ਵਿਧਾਇਕ ਡਾ. ਪਵਨ ਸੈਣੀ, ਭਾਜਪਾ ਜ਼ਿਲ੍ਹਾ ਪ੍ਰਧਾਨ ਰਵੀ ਬਤਾਨ ਆਦਿ ਮੌਜੂਦ ਸਨ।
ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਪਰਨੀਤ ਕੌਰ ਨੂੰ ਮੰਗ ਪੱਤਰ
ਖੇਤਰੀ ਪ੍ਰਤੀਨਿਧ ਪਟਿਆਲਾ, 25 ਜਨਵਰੀ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਆਪਣੀਆਂ ਮੰਗਾਂ ਸਬੰਧੀ ਪਾਰਲੀਮੈਂਟ ਵਿੱਚ ਆਵਾਜ਼ ਉਠਾਣ ਲਈ ਮੰਗ ਪੱਤਰ ਦਿੱਤਾ। ਜਿਸ ਦੌਰਾਨ ਉਨ੍ਹਾਂ ਨੇ ਇਹ ਮੰਗਾਂ ਲੋਕ ਸਭਾ ਸੈਸ਼ਨ ਵਿੱਚ ਉਠਾਉਣ ਦਾ ਭਰੋਸਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੋੜਗੜ੍ਹ, ਮੀਤ ਪ੍ਰਧਾਨ ਸੰਤੋਸ਼ ਰਾਣੀ ਨੇ ਦੱਸਿਆ ਕਿ ਆਸ਼ਾ ਵਰਕਰ ਤੇ ਫੈਸਿਲੀਟੇਟਰ ਕੇਂਦਰ ਸਰਕਾਰ ਦੀ ਸਕੀਮ ਅਧੀਨ ਆਉਂਦੀਆਂ ਹਨ। ਉਨ੍ਹਾ ਦਾ ਕਹਿਣਾ ਸੀ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਮਿਨੀਮਮਵੇਜ਼ 21000 ਰੁਪਏ ਕੀਤਾ ਜਾਵੇ। ਕੋਵਿਡ-19 ਦਾ ਇਨਸੈਟਿਵ 2500 ਰੁਪਏ ਤੇ ਕਰੋਨਾ ਪੀੜਤ ਵਰਕਰਾਂ ਨੂੰ ਸਪੈਸ਼ਲ ਭੱਤਾ 10 ਹਜ਼ਾਰ ਰੁਪਏ ਮੁੜ ਬਹਾਲ ਕੀਤਾਂ ਜਾਵੇ। ਉਨ੍ਹਾਂ ਦੀ ਹਾਜ਼ਰੀ ਲੱਗਣੀ ਯਕੀਨੀ ਬਣਾਈ ਜਾਵੇ। ਕਿਉਂਕਿ ਕਰੋਨਾ ਕਾਲ ਵਿੱਚ ਵਰਕਰਾਂ ਨੂੰ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਜਿਸ ਕਰਕੇ ਕਰੋਨਾ ਕਾਲ ਦੇ ਕੰਮ ਨੂੰ ਦੇਖਦਿਆਂ, ਵਰਕਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਪ੍ਰੰਤੂ ਦੂਜੇ ਪਾਸੇ ਕੋਵਿਡ ਦਾ ਇਨਸੈਂਟਿਵ ਕੱਟ ਕੇ ਵਰਕਰਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਜਦਕਿ ਇਸ ਸਨਮਾਨ ਤਹਿਤ ਉਜ਼ਰਤਾਂ ਵਿਚ ਵਾਧਾ ਕਰਨਾ ਬਣਦਾ ਸੀ। ਇਸ ਮੌਕੇ ਨੀਲਮ ਸ਼ਰਮਾ,ਰਾਜ਼ ਰਾਣੀ,ਮਾਇਆ ਦੇਵੀ, ਬਲਜਿੰਦਰ ਕੌਰ , ਕਰਮਜੀਤ ਕੌਰ, ਗੁਰਮੀਤ ਕੌਰ,ਜਸਵਿੰਦਰ ਕੌਰ ਸ਼ਤਰਾਣਾ, ਰੁਪਿੰਦਰ ਕੌਰ ਬਘੌਰਾ, ਨਿਰਮਲ ਕੌਰ, ਸੁਨੀਤਾ ਦੇਵੀ, ਪਰਮਿੰਦਰ ਕੌਰ ਪਟਿਆਲਾ, ਗੁਰਵਿੰਦਰ ਕੌਰ ਤ੍ਰਿਪੜੀ, ਰਾਜਵਿੰਦਰ ਕੌਰ ਤੇ ਜਸਵੀਰ ਕੌਰ ਆਦਿ ਵਰਕਰਾਂ ਵੀ ਮੌਜੂਦ ਸਨ।
ਕੇਂਦਰ ਸਰਕਾਰ ਵੱਲੋਂ ਸਾਈਕਲ ਸਨਅਤ ਨੂੰ ਵੱਡੀ ਰਾਹਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 25 ਜਨਵਰੀ ਕੇਂਦਰੀ ਉਦਯੋਗ ਤੇ ਵਣਜ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫ਼ੈਕਚਰਰਜ਼ ਐਸੋਸੀਏਸ਼ਨ ਦੇ ਵਫ਼ਦ ਨੂੰ ਸਾਈਕਲਾਂ 'ਤੇ ਰਿਫ਼ਲੈਕਟਰ ਲਾਉਣ ਦੇ ਮਸਲੇ ਬਾਰੇ 30 ਜੂਨ ਤੱਕ ਰਾਹਤ ਦਿੰਦਿਆਂ ਛੋਟੀ ਇੰਡਸਟਰੀ ਲਈ ਫੀਸ 'ਚ 80 ਫ਼ੀਸਦੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਸਾਈਕਲ ਜਥੇਬੰਦੀ ਦੇ ਪ੍ਰਧਾਨ ਡੀਐੱਸ ਚਾਵਲਾ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੀ ਅਗਵਾਈ ਹੇਠ ਦਿੱਲੀ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਡੀਪੀਆਈ ਆਈਟੀ ਅਤੇ ਬੀਆਈਐੱਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਾਈਕਲ ਸਨਅਤਕਾਰ ਸੁਧੀਰ ਮਹਾਜਨ, ਸੁਰਿੰਦਰ ਸਿੰਘ ਚੌਹਾਨ, ਤਰਸੇਮ ਥਾਪਰ ਅਤੇ ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ ਤੇ ਰਜਨੀਸ਼ ਧੀਮਾਨ ਸ਼ਾਮਲ ਹੋਏ। ਮੀਟਿੰਗ ਦੌਰਾਨ ਪ੍ਰਧਾਨ ਚਾਵਲਾ ਅਤੇ ਹੋਰ ਆਗੂਆਂ ਨੇ 1 ਜਨਵਰੀ ਤੋਂ ਰਿਫ਼ਲੈਕਟਰ ਲਗਾਉਣ ਲਈ ਲਾਗੂ ਕੀਤੀ ਹੱਦ ਨੂੰ ਅੱਗੇ ਪਾਉਣ ਅਤੇ ਛੋਟੀ ਇੰਡਸਟਰੀ ਲਈ ਸੀਓਸੀ ਦੀਆਂ ਮਾਰੂ ਸ਼ਰਤਾਂ ਅਤੇ ਰਜਿਸਟ੍ਰੇਸ਼ਨ ਨੂੰ ਨਰਮ ਕਰਨ ਅਤੇ ਫ਼ੀਸ ਘਟਾਉਣ ਦੀ ਮੰਗ ਕੀਤੀ। ਕੇਂਦਰੀ ਮੰਤਰੀਆਂ ਨੇ ਮੀਟਿੰਗ ਦੌਰਾਨ ਚਰਚਾ ਕਰਦਿਆਂ ਸਾਰੀਆਂ ਮੰਗਾਂ ਨੂੰ ਮੰਨਦੇ ਹੋਏ ਰਿਫਲੈਕਟਰ ਲਾਉਣ ਦੀ ਹੱਦ ਨੂੰ 6 ਮਹੀਨੇ ਲਈ ਵਧਾ ਕੇ 30 ਜੂਨ ਕਰਨ ਅਤੇ ਰਜਿਸਟਰੇਸ਼ਨ ਫੀਸ ਵਿੱਚ ਵੱਡੀ ਛੋਟ ਦਿੰਦਿਆਂ ਸੀਓਸੀ ਸ਼ਰਤਾਂ ਨੂੰ ਜਥੇਬੰਦੀ ਦੇ ਵਫ਼ਦ ਦੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਿਚਾਰ ਕਰਕੇ ਨਰਮ ਕੀਤੀਆਂ ਜਾਣ ਦਾ ਐਲਾਨ ਕੀਤਾ।
ਦਿੱਲੀ ਫਤਿਹ ਦਿਵਸ ਅਤੇ ਰੇਲ ਰੋਕੋ ਅੰਦੋਲਨ ਦੀਆਂ ਤਿਆਰੀਆਂ ਸਬੰਧੀ ਪਿੰਡਾਂ ’ਚ ਮੀਟਿੰਗਾਂ
ਪੱਤਰ ਪ੍ਰੇਰਕ ਸ਼ਾਹਕੋਟ, 25 ਜਨਵਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 26 ਜਨਵਰੀ ਨੂੰ ਲੋਹੀਆਂ ਖਾਸ ਵਿਚ ਮਨਾਏ ਜਾ ਰਹੇ ਦਿੱਲੀ ਫਤਿਹ ਦਿਵਸ ਅਤੇ 29 ਜਨਵਰੀ ਨੂੰ ਰੇਲਾਂ ਰੋਕਣ ਦੇਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿੰਡ ਮੀਏਂਵਾਲ ਮੌਲਵੀਆਂ ਤੇ ਅਰਾਈਆਂ, ਢੰਡੋਵਾਲ, ਕੋਟਲਾ ਸੂਰਜ ਮੱਲ, ਸਾਦਿਕਪੁਰ, ਤਲਵੰਡੀ ਸੰਘੇੜਾ, ਸੋਹਲ ਜਗੀਰ, ਸੰਗਤਪੁਰ, ਕੰਨੀਆਂ ਕਲਾਂ ਤੇ ਖੁਰਦ, ਰੌਤ ਅਤੇ ਪਰਜੀਆਂ ਕਲਾਂ ਤੇ ਖੁਰਦ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਕਿਸਾਨਾਂ ਤੇ ਮਜ਼ਦੂਰਾਂ ਦੇ ਜੁੜੇ ਇਕੱਠਾਂ ਨੂੰ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰਾਂ ਲਗਾਤਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਵਕੀਲਾਂ ਨੂੰ ਜ਼ੇਲ੍ਹਾਂ ਅੰਦਰ ਬੰਦ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਹਨ। ਜ਼ਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ,ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਮੰਨਵਾਉਣ ਲਈ ਉਨ੍ਹਾਂ ਮੁੜ ਸੰਘਰਸ਼ ਦਾ ਬਿਗਲ ਵਜਾਇਆ ਹੈ। ਇਸਦੀ ਕੜੀ ਵਜੋਂ ਹੀ ਉਹ 26 ਜਨਵਰੀ ਨੂੰ ਲੋਹੀਆਂ ਖਾਸ ਵਿਖੇ ਦਿੱਲੀ ਫਤਿਹ ਦਿਵਸ ਮਨਾਉਣ ਸਮੇਤ 29 ਜਨਵਰੀ ਨੂੰ ਸਬੇ ਅੰਦਰ ਤਿੰਨ ਘੰਟੇ ਰੇਲਾਂ ਰੋਕ ਰਹੇ ਹਨ।
ਜੇਲ੍ਹ ’ਚ ਸੁੱੱਟੇ ਸੱਤ ਫੋਨ ਤੇ ਨਸ਼ੇ ਦੇ ਪੈਕੇਟ ਬਰਾਮਦ
ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਦੇ ਸੁਰੱਖਿਆ ਅਮਲੇ ਨੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੌਰਾਨ ਸੱਤ ਮੋਬਾਈਲ ਫੋਨ, ਡਾਟਾ ਕੇਬਲ ਸਮੇਤ 57 ਪੈਕੇਟ ਤੰਬਾਕੂ ਅਤੇ ਸੁਲਫਾ ਬਰਾਮਦ ਕੀਤਾ ਹੈ। ਸੁਪਰਡੈਂਟ ਮਨਜੀਤ ਟਿਵਾਣਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਵਸਤਾਂ ਕਿਸੇ ਨੇ ਬਾਹਰੋਂ ਸੁੱੱਟੀਆਂ ਸਨ। ਪਰ ਅੱਗੇ ਕਿਸੇ ਕੈਦੀ ਤੱਕ ਨਹੀਂ ਅੱਪੜਨ ਦਿਤੀਆਂ ਗਈਆਂ। ਇੱਕ ਵੱਖਰੀ ਕਾਰਵਾਈ ਦੌਰਾਨ ਆਪਣੇ ਭਰਾ ਦੀ ਮੁਲਾਕਾਤ 'ਤੇ ਆਏ ਦਲਬੀਰ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਕਬਜ਼ੇ ਵਿਚੋਂ ਅਫੀਮ ਬਰਾਮਦ ਕੀਤੀ ਹੈ। -ਖੇਤਰੀ ਪ੍ਰਤੀਨਿਧ
ਗੁਰੂ ਰੰਧਾਵਾ ਦੀ ਫਿਲਮ ‘ਕੁਛ ਖੱਟਾ ਹੋ ਜਾਏ’ ਦੀ ਸ਼ੂਟਿੰਗ ਮੁਕੰਮਲ
ਮੁੰਬਈ: ਮਸ਼ਹੂਰ ਗੀਤ 'ਲਾਹੌਰ' ਗਾਉਣ ਵਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਮਨੋਰੰਜਨ ਨਾਲ ਭਰਪੂਰ ਫਿਲਮ 'ਕੁਛ ਖੱਟਾ ਹੋ ਜਾੲੇ' ਰਾਹੀਂ ਹਿੰਦੀ ਫਿਲਮ ਜਗਤ ਵਿੱਚ ਕਦਮ ਰੱਖਣ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਹਾਲ ਹੀ ਵਿੱਚ ਮੁਕੰਮਲ ਹੋਈ ਹੈ। ਫਿਲਮ ਵਿੱਚ ਅਦਾਕਾਰ ਅਨੁਪਮ ਖੇਰ, ਸਾਈ ਐੱਮ ਮਾਂਜਰੇਕਰ, ਇਲਾ ਅਰੁਨ, ਪ੍ਰੀਤੋਸ਼ ਤ੍ਰਿਪਾਠੀ, ਅਤੁਲ ਸ੍ਰੀਵਾਸਤਵ ਅਤੇ ਪ੍ਰਾਰੇਸ਼ ਗਾਂਤਰਾ ਮੁੱਖ ਭੂਮਿਕਾਵਾਂ ਨਿਭਾਉਣਗੇ। 'ਕੁਛ ਖੱਟਾ ਹੋ ਜਾਏ' ਦੀ ਸ਼ੂਟਿੰਗ ਆਗਰਾ ਵਿੱਚ ਮਨਮੋਹਕ ਸਥਾਨਾਂ 'ਤੇ ਕੀਤੀ ਗਈ ਹੈ। ਪੰਜਾਬੀ ਸੰਗੀਤ ਜਗਤ ਨੂੰ ਆਪਣੇ ਗੀਤਾਂ ਰਾਹੀਂ ਵੱਖਰੀ ਪਛਾਣ ਦੇਣ ਵਾਲੇ ਗੁਰੂ ਰੰਧਾਵਾ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਉਸ ਨੇ 'ਸੂਟ ਸੂਟ', 'ਸਲੋਅਲੀ ਸਲੋਅਲੀ', 'ਲਾਹੌਰ' ਅਤੇ ਹੋਰ ਗਾਣਿਆਂ ਰਾਹੀਂ ਚੰਗਾ ਨਾਂ ਕਮਾਇਆ ਹੈ। ਫਿਲਮ 'ਕੁਛ ਖੱਟਾ ਹੋ ਜਾੲੇ' ਦਾ ਨਿਰਮਾਣ ਮੈਚ ਫਿਲਮਜ਼ ਨੇ ਕੀਤਾ ਹੈ ਅਤੇ ਇਹ ਇਸੇ ਸਾਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ
ਹੁਣ ਲੋਕਾਂ ਨੂੰ ਆਉਣ ਲੱਗੇ ਕਈ ਸਾਲ ਪਹਿਲਾਂ ਖ਼ਰੀਦੀਆਂ ਜ਼ਮੀਨਾਂ ਦੀਆਂ ਫੀਸਾਂ ਦੇ ਨੋਟਿਸ
ਗੁਰਬਖ਼ਸ਼ਪੁਰੀ ਤਰਨ ਤਾਰਨ, 25 ਜਨਵਰੀ ਸੂਬੇ ਦੇ ਮਾਲ ਵਿਭਾਗ ਵਲੋਂ ਸਾਲਾਂ ਪਹਿਲਾਂ ਖਰੀਦ ਕੀਤੀਆਂ ਜ਼ਮੀਨਾਂ ਆਦਿ ਲਈ ਅਸ਼ਟਾਮ ਅਤੇ ਰਜਿਸਟ੍ਰੇਸ਼ਨ ਫੀਸ ਘੱਟ ਦੇਣ ਦੇ ਮਮਲਿਆਂ ਵਿਚ ਵੱਡੇ ਪੱਧਰ 'ਤੇ ਜਾਰੀ ਕੀਤੇ ਵਸੂਲੀ ਨੋਟਿਸ ਮਿਲਣ 'ਤੇ ਪੀੜਤ ਲੋਕਾਂ ਅਤੇ ਵਸੀਕਾ ਨਵੀਸਾਂ ਦੇ ਸਾਹ ਸੂਤੇ ਗਏ ਹਨ| ਇਕ ਸੂਚਨਾ ਅਨੁਸਾਰ ਤਰਨ ਤਾਰਨ ਤਹਿਸੀਲ ਨਾਲ ਸਬੰਧਿਤ ਸਬ ਰਜਿਸਟਰਾਰ-ਕਮ-ਤਹਿਸੀਲਦਾਰ ਦੇ ਦਫਤਰ ਵੱਲੋਂ ਇਲਾਕੇ ਦੇ ਪਿੰਡ ਰਸੂਲਪੁਰ ਦੀ ਵਸਨੀਕ ਬਲਵਿੰਦਰ ਕੌਰ ਵੱਲ ਮਾਲ ਵਿਭਾਗ ਨੇ 13 ਕੁ ਸਾਲ ਪਹਿਲਾਂ ਖਰੀਦ ਕੀਤੀ ਇਕ ਕਨਾਲ, ਦਸ ਮਰਲਾ ਜ਼ਮੀਨ ਦੀ ਖਰੀਦ ਕਰਨ 'ਤੇ ਅਸ਼ਟਾਮ ਅਤੇ ਰਜਿਸਟਰੇਸ਼ਨ ਫ਼ੀਸ ਕਥਿਤ ਤੌਰ 'ਤੇ ਘੱਟ ਦੇਣ ਤੇ 14,624 ਰੁਪਏ ਦੀ ਰਕਮ ਵਿਆਜ ਸਮੇਤ 23 ਜਨਵਰੀ ਤੱਕ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ| ਬਲਵਿੰਦਰ ਕੌਰ ਦੇ ਪਤੀ ਰਣਜੀਤ ਸਿੰਘ ਨੇ ਦੱਸਿਆ ਕਿ ਤਹਿਸੀਲਦਾਰ ਦੇ ਦਫਤਰ ਵਲੋਂ ਉਨ੍ਹਾਂ ਸਮੇਤ ਕਈ ਹੋਰਨਾਂ ਨੂੰ ਵੀ ਅਜਿਹੇ ਨੋਟਿਸ ਜਾਰੀ ਕੀਤੇ ਗਏ ਹਨ| ਬਲਵਿੰਦਰ ਕੌਰ ਨੇ ਇਹ ਜ਼ਮੀਨ ਆਪਣੇ ਪਿੰਡ ਰਾਸੁੂਲਪੁਰ ਵਿਚ 13 ਸਾਲ ਪਹਿਲਾਂ ਖਰੀਦੀ ਸੀ ਜਿਸ ਸਬੰਧੀ ਉਨ੍ਹਾਂ ਨੂੰ ਦਫਤਰ ਨੇ ਹੁਣ ਕਈ ਸਾਲਾਂ ਬਾਅਦ ਨੋਟਿਸ ਜਾਰੀ ਕਰਕੇ ਡਾਢੀ ਪ੍ਰੇਸ਼ਾਨੀ ਵਿਚ ਪਾ ਦਿੱਤਾ ਹੈ| ਦਫਤਰ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਖਾਮੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਆਡਿਟ ਦੌਰਾਨ ਸਾਹਮਣੇ ਆਈ ਹੈ ਜਿਸ ਦੌਰਾਨ ਖਰੀਦਦਾਰਾਂ ਨੇ ਅਸ਼ਟਾਮ ਅਤੇ ਰਜਿਸਟ੍ਰੇਸ਼ਨ ਫੀਸ ਕੁਲੈਕਟਰ ਰੇਟ ਤੋਂ ਘੱਟ ਜਮ੍ਹਾਂ ਕਰਵਾਏ ਹਨ| ਸੂਬੇ ਅੰਦਰ ਇਕੱਲੇ ਤਰਨ ਤਾਰਨ ਦੇ ਤਹਿਸੀਲਦਾਰ ਦੇ ਦਫਤਰ ਨੇ ਇਲਾਕੇ ਦੇ 300 ਦੇ ਕਰੀਬ ਖਰੀਦਦਾਰਾਂ ਨੂੰ ਅਜਿਹੇ ਨੋਟਿਸ ਭੇਜੇ ਹਨ ਜਿਸ ਨਾਲ ਹਾ-ਹਾਕਾਰ ਮਚ ਗਈ ਹੈ| ਤਹਿਸੀਲ ਦਫਤਰ ਵਿਚ ਇਸ ਅਰਸੇ ਦੌਰਾਨ ਸਥਿਤੀ ਉਨ੍ਹਾਂ ਮਾਮਲਿਆਂ ਵਿਚ ਕਸੂਤੀ ਬਣ ਰਹੀ ਹੈ ਜਿਨ੍ਹਾਂ ਵਿਚ ਖਰੀਦਦਾਰਾਂ ਨੇ ਆਪਣੀ ਜ਼ਮੀਨ ਅੱਗੇ ਵੇਚ ਦਿੱਤੀ ਹੈ ਇਸ ਦੇ ਨੋਟਿਸ ਉਨ੍ਹਾਂ ਨੂੰ ਫਿਰ ਵੀ ਆ ਗਏ ਹਨ| ਤਰਨ ਤਾਰਨ ਦੇ ਤਹਿਸੀਲਦਾਰ ਰਾਕੇਸ਼ ਕੁਮਾਰ ਗਰਗ ਨੇ ਇਨ੍ਹਾਂ ਨੋਟਿਸਾਂ ਦੇ ਜਾਰੀ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ| ਇਥੇ ਵਰਣਨਯੋਗ ਹੈ ਕਿ ਇਹ ਘੱਟ ਫੀਸ ਦਫਤਰ ਵਿਚ ਜਮ੍ਹਾਂ ਨਾ ਕਰਵਾਉਣ 'ਤੇ ਖਰੀਦਦਾਰ ਖਿਲਾਫ਼ ਭੋਂ ਮਾਲੀਆ 1887 ਦੀ ਧਾਰਾ 69 ਤਹਿਤ ਗ੍ਰਿਫ਼ਤਾਰੀ, ਧਾਰਾ 72 ਤਹਿਤ ਜ਼ਮੀਨ ਦੀ ਕੁਰਕੀ ਅਤੇ ਧਾਰਾ 75 ਤਹਿਤ ਜ਼ਮੀਨ ਦੀ ਨੀਲਾਮੀ ਤੱਕ ਵੀ ਕੀਤੀ ਜਾ ਸਕਦੀ ਹੈ| ਇਸ ਹਿਸਾਬ ਨਾਲ ਇਹ ਮੁੱਦਾ ਭੱਖਦਾ ਦਿਖਾਈ ਦੇ ਰਿਹਾ ਹੈ ਉਸ ਹਿਸਾਬ ਨਾਲ ਆਉਂਦੇ ਦਿਨਾਂ ਦੌਰਾਨ ਇਹ ਅੰਦਰੋ ਅੰਦਰ ਸੁਲਘਦੀ ਚਿੰਗਾਰੀ ਭਾਂਬੜ ਦਾ ਰੂਪ ਧਾਰਨ ਕਰਨ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ|
ਮਹਿਲਾ ਦੀ ਗਲਤ ਆਈਡੀ ਬਣਾਉਣ ਸਬੰਧੀ ਦੋ ਖਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 25 ਜਨਵਰੀ ਇੱਕ ਮਹਿਲਾ ਦੀ ਗਲਤ ਆਈ.ਡੀ. ਬਣਾ ਕੇ ਉਸ 'ਤੇ ਫ਼ੋਨ ਨੰਬਰ ਪਾਉਣ ਤੇ ਧਮਕੀਆਂ ਦੇਣ ਦੇ ਸਬੰਧ 'ਚ ਸਤਨਾਮਪੁਰਾ ਪੁਲੀਸ ਨੇ ਦੋ ਮਹਿਲਾਵਾ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਰੇਖਾ ਰਾਣੀ ਤੇ ਮਾਇਆ ਰਾਣੀ ਨੇ ਉਸ ਦੀ ਆਈ.ਡੀ. ਗਲਤ ਬਣਾ ਕੇ ਉਸ 'ਤੇ ਉਸ ਦਾ ਫੋਨ ਨੰਬਰ ਪਾ ਦਿੱਤਾ ਜਿਸ ਕਾਰਨ ਉਸ ਨੂੰ ਗਲਤ ਫ਼ੋਨ ਆ ਰਹੇ ਹਨ। ਇਸ ਸਬੰਧ 'ਚ ਪੁਲੀਸ ਨੇ ਰੇਖਾ ਰਾਣੀ ਪਤਨੀ ਜਸਵੰਤ ਰਾਏ, ਮਾਇਆ ਰਾਣੀ ਪੁੱਤਰ ਅਮਰੀਕ ਸਿੰਘ ਵਾਸੀਆਨ ਖਹਿਰਾ ਭੱਟੀਆ ਖਿਲਾਫ਼ ਕੇਸ ਦਰਜ ਕੀਤਾ ਹੈ।
ਕੌਮੀ ਵੋਟਰ ਦਿਵਸ: ਸੌ ਫ਼ੀਸਦੀ ਮਤਦਾਨ ਯਕੀਨੀ ਬਣਾਉਣ ’ਤੇ ਜ਼ੋਰ
ਸਰਬਜੀਤ ਸਿੰਘ ਭੰਗੂ ਪਟਿਆਲਾ, 25 ਜਨਵਰੀ ਕੌਮੀ ਵੋਟਰ ਦਿਵਸ ਮੌਕੇ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਦਾ ਆਗਾਜ਼ ਸਾਈਕਲ ਰੈਲੀ ਨਾਲ ਹੋਇਆ। ਸਾਈਕਲ ਰੈਲੀ ਪੈਰਾਸਾਈਕਲਿਸਟ ਤੇ ਜ਼ਿਲ੍ਹਾ ਸਵੀਪ ਆਈਕਨ ਜਗਵਿੰਦਰ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ ਜਿਸ ਵਿੱਚ ਵਧੀਕ ਮੁੱਖ ਚੋਣ ਅਫ਼ਸਰ ਵਿਪੁਲ ਉਜਵਲ ਅਤੇ ਚੋਣ ਅਫ਼ਸਰ ਪੰਜਾਬ ਭਰਤ ਭੂਸ਼ਣ ਬਾਂਸਲ ਵੀ ਸ਼ਾਮਲ ਹੋੲੇ। ਇਸ ਮੌਕੇ ਸ੍ਰੀ ਉਜਵਲ ਅਤੇ ਬਾਂਸਲ ਨੇ ਜ਼ੋਰ ਦੇ ਕੇ ਆਖਿਆ ਕਿ 2024 ਵਿੱਚ ਹੋਣ ਵਾਲੀਆਂ ਚੋਣਾਂ 'ਚ 100 ਫ਼ੀਸਦੀ ਵੋਟਾਂ ਪਾਉਣ ਦਾ ਟੀਚਾ ਪੂਰਾ ਕੀਤਾ ਜਾਵੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਤੇ ਏਡੀਸੀ ਗੁਰਪ੍ਰੀਤ ਥਿੰਦ ਦੇਖਰੇਖ ਹੋਏ ਸਮਾਗਮ ਦੌਰਾਨ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਨੇ ਕਿਹਾ, ''ਦੇਸ਼ ਦੇ ਸੰਵਿਧਾਨ ਵੱਲੋਂ ਦਿੱਤੇ ਗਏ ਵੋਟ ਦੇ ਅਧਿਕਾਰ ਦੀ ਹਰੇਕ ਵੋਟਰ ਨੂੰ ਵਰਤੋਂ ਕਰਨੀ ਚਾਹੀਦੀ ਹੈ।'' ਉਨ੍ਹਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਡਰ, ਲਾਲਚ, ਜਾਤ-ਪਾਤ ਤੋਂ ਅਤੇ ਧਰਮ ਨਿਰਪੱਖ ਹੋ ਕੇ ਵੋਟ ਪਾਉਣ ਦੀ ਸਹੁੰ ਵੀ ਚੁਕਾਈ। ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ 'ਸਵੀਪ' ਸਰਗਰਮੀਆਂ 'ਤੇ ਚਾਨਣਾ ਪਾਇਆ। ਸਰਗਰਮੀਆਂ 'ਚ ਵਿੱਚ ਯੋਗਦਾਨ ਲਈ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੋ. ਗੁਰਬਖ਼ਸ਼ੀਸ਼ ਅੰਟਾਲ, ਨਵਦੀਪ ਵਾਲੀਆ ਤੇ ਮਨਪ੍ਰੀਤ ਸਿੰਘ ਅਨੇਜਾ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਡਾਇਰੈਕਟਰ ਅਤੇ ਬੈਸਟ ਇਲੈੱਕਟ੍ਰੋਲ ਪ੍ਰੈਕਟਿਸ ਐਵਾਰਡੀ-2022 ਆਈ.ਏ.ਐੱਸ. ਅਧਿਕਾਰੀ ਸੋਨਾਲੀ ਗਿਰੀ, ਜਲੰਧਰ ਦੇ ਜ਼ਿਲ੍ਹਾ ਚੋਣ ਅਫ਼ਸਰ ਤੇ ਡੀਸੀ ਜਸਪ੍ਰੀਤ ਸਿੰਘ, ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਘਣਸ਼ਿਆਮ ਥੋਰੀ ਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੂੰ ਵਿਧਾਨ ਸਭਾ ਚੋਣਾਂ 'ਚ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਬਦਲੇ ਸਨਮਾਨਿਤ ਵੀ ਕੀਤਾ ਗਿਆ।
ਸੜਕ ਹਾਦਸੇ ਵਿੱਚ ਇੱਕ ਦੀ ਮੌਤ, ਦੋ ਜ਼ਖ਼ਮੀ
ਪੱਤਰ ਪ੍ਰੇਰਕ ਭਵਾਨੀਗੜ੍ਹ, 25 ਜਨਵਰੀ ਬੀਤੀ ਰਾਤ ਵਿਆਹ 'ਚ ਡੀਜੇ ਦਾ ਪ੍ਰੋਗਰਾਮ ਲਗਾ ਕੇ ਪਰਤਦੇ ਸਮੇਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਚੰਨੋਂ ਵਿੱਚ ਸੜਕ ਕਿਨਾਰੇ ਮੋਟਰਸਾਈਕਲ ਪਾਸ ਖੜ੍ਹੇ 3 ਨੌਜਵਾਨਾਂ ਨੂੰ ਇੱਕ ਟਰੈਕਟਰ-ਟਰਾਲੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਥੋਂ ਦੀ ਪੁਲੀਸ ਨੇ ਇਸ ਸਬੰਧੀ ਟਰੈਕਟਰ-ਟਰਾਲੀ ਦੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਵਾਸੀ ਪਿੰਡ ਭਰਾਜ ਨੇ ਦੱਸਿਆ ਕਿ ਘਟਨਾ 'ਚ ਉਸ ਦੇ ਭਰਾ ਜਗਦੀਪ ਸਿੰਘ (22) ਉਰਫ ਬੁੱਧੂ ਵਾਸੀ ਭਰਾਜ ਦੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਦਲਵੀਰ ਸਿੰਘ ਤੇ ਗੁਰਵਿੰਦਰ ਸਿੰਘ ਵਾਸੀ ਪਿੰਡ ਚੰਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾਅ ਕੀਤੇ ਜਾਣ: ਸੀਚੇਵਾਲ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਿਹੜੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਥੇ ਇਨਸਾਫ਼ ਦਾ ਮਾਮਲਾ ਹੈ ਉਥੇ ਹੀ ਮਨੁੱਖੀ ਅਧਿਕਾਰਾਂ ਦਾ ਵੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘਾਂ ਨੂੰ ਸਜ਼ਾਵਾਂ ਹੋਈਆਂ ਸਨ, ਉਹੀ ਸੰਵਿਧਾਨ ਜਿਊਣ ਦਾ ਅਧਿਕਾਰ ਵੀ ਦਿੰਦਾ ਹੈ। ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਰੱਖਣਾ ਗੈਰ-ਸੰਵਿਧਾਨਕ ਹੈ।
ਮੁਫ਼ਤ ਸਫਰ ਸਹੂਲਤ ਪੀਆਰਟੀਸੀ ਦੇ ਵਿੱਤੀ ਸੰਕਟ ਦਾ ਕਾਰਨ ਬਣੀ: ਧਾਲੀਵਾਲ
ਸਰਬਜੀਤ ਸਿੰਘ ਭੰਗ ਪਟਿਆਲਾ, 25 ਜਨਵਰੀ ਪੀ.ਆਰ.ਟੀ.ਸੀ ਦੀਆਂ ਛੇ ਮੁਲਾਜ਼ਮ ਜਥੇਬੰਦੀਆਂ 'ਤੇ ਆਧਾਰਤ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਸਮੇਤ ਮੈਂਬਰਾਂ ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਬਲਦੇਵ ਰਾਜ ਬੱਤਾ, ਮੁਹੰਮਦ ਖਲੀਲ ਅਤੇ ਤਰਸੇਮ ਸਿੰਘ ਨੇ ਪੀ.ਆਰ.ਟੀ.ਸੀ. ਦੇ ਵਿੱਤੀ ਸੰਕਟ ਵਿੱਚੋਂ ਲੰਘਣ ਦੀ ਜਾਣਕਾਰੀ ਦਿੰਦਿਆਂ, ਅਜਿਹੇ ਹਾਲਾਤਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ। ਇਥੇ ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫੌਕੀ ਸ਼ੋਹਰਤ ਖੱਟਣ ਲਈ ਕੁਝ ਵਰਗਾਂ ਨੂੰ ਮੁਫ਼ਤ ਅਤੇ ਰਿਆਇਤੀ ਸਫਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਪਰ ਇਸ ਦਾ ਖਮਿਆਜ਼ਾ ਪੀ.ਆਰ.ਟੀ.ਸੀ. ਦੇ ਕਰਮਚਾਰੀ ਭੁਗਤ ਰਹੇ ਹਨ। ਜਿਨ੍ਹਾਂ ਨੂੰ ਤਨਖਾਹ ਤੇ ਪੈਨਸ਼ਨ ਲੇਟ ਅਤੇ ਟੁਕੜਿਆਂ ਵਿੱਚ ਮਿਲ ਰਹੀ ਹੈ। ਪਰ ਸਰਕਾਰ ਮੁਫ਼ਤ ਸਫਰ ਬਦਲੇ ਬਣਦੇ 350 ਕਰੋੜ ਦੇ ਬਕਾਏ ਵਿੱਚੋਂ ਧੇਲਾ ਵੀ ਨਹੀਂ ਦੇ ਰਹੀ। ਜਿਸ ਦਾ ਸਿੱਟਾ ਹੈ ਕਿ ਕਰਮਚਾਰੀਆਂ ਨੂੰ 10 ਤਾਰੀਖ ਤੋਂ ਬਾਅਦ 60 ਫੀਸਦੀ ਤਨਖਾਹ ਤੇ ਪੈਨਸ਼ਨ ਦਿੱਤੀ ਗਈ। 20 ਫੀਸਦੀ ਬਕਾਇਆ ਅੱਜ ਮਿਲਿਆ ਹੈ ਤੇ 20 ਫੀਸਦੀ ਬਕਾਇਆ ਅਜੇ ਵੀ ਰਹਿੰਦੀ ਹੈ। ਸੇਵਾ ਮੁਕਤ ਕਰਮਚਾਰੀਆਂ ਅਤੇ ਮੌਜੂਦਾ ਕਰਮਚਾਰੀਆਂ ਦੇ ਵੱਖ ਵੱਖ ਕਿਸਮ ਦੇ ਬਕਾਏ ਵੀ 90 ਕਰੋੜ ਤੋਂ ਵੱਧ ਹਨ। ਅਜਿਹੇ ਹਾਲਾਤਾਂ ਦੇ ਹਵਾਲੇ ਨਾਲ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱੱਲੋਂ ਟਰਾਂਸਪੋਰਟ ਵਿਭਾਗ ਤੋਂ 367 ਕਰੋੜ ਰੁਪਏ ਵਾਧੂ ਕਮਾਉਣ ਦੇ ਬਿਆਨਾ ਨੂੰ ਫਰਜ਼ੀ ਅਤੇ ਗੁੰਮਰਾਹਕੁਨ ਦੱਸਿਆ ਹੈ। ਐਕਸ਼ਨ ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤਨਖਾਹਾਂ ਤੇ ਪੈਨਸ਼ਨਾਂ ਦਾ ਭੁਗਤਾਨ ਸਮੇਂ ਸਿਰ ਯਕੀਨੀ ਨਾ ਬਣਾਇਆ ਗਿਆ, ਤਾਂ ਕਰਮਚਾਰੀ ਜਲਸੇ, ਜਲੂਸ, ਧਰਨੇ, ਰੋਸ ਮਾਰਚ, ਭੁੱਖ ਹੜਤਾਲ ਅਤੇ ਹੜਤਾਲ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਗੇ। ਉਨ੍ਹਾਂ ਫਰਵਰੀ ਵਿੱਚ ਪੀ.ਆਰ.ਟੀ.ਸੀ. ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਧਰਨੇ ਦੇਣ ਦਾ ਐਲਾਨ ਵੀ ਕੀਤਾ।